ਚੰਡੀਗੜ੍ਹ, 15 ਨਵੰਬਰ 2025: ਰਣਜੀ ਟਰਾਫੀ ‘ਚ ਹਰਿਆਣਾ ਦੇ ਤੇਜ਼ ਗੇਂਦਬਾਜ਼ ਅੰਸ਼ੁਲ ਕੰਬੋਜ (Anshul Kamboj) ਨੇ ਆਪਣੀ ਸ਼ਾਨਦਾਰ ਗੇਂਦਬਾਜ਼ੀ ਨਾਲ ਇਤਿਹਾਸ ਰਚ ਦਿੱਤਾ ਹੈ | ਗੇਂਦਬਾਜ਼ ਅੰਸ਼ੁਲ ਕੰਬੋਜ ਨੇ ਰਣਜੀ ਟਰਾਫੀ ਵਿੱਚ ਇੱਕ ਪਾਰੀ ਵਿੱਚ ਸਾਰੀਆਂ 10 ਵਿਕਟਾਂ ਲੈਣ ਵਾਲਾ ਤੀਜਾ ਗੇਂਦਬਾਜ਼ ਬਣ ਗਿਆ ਹੈ । ਅੰਸ਼ੁਲ ਕੰਬੋਜ ਨੇ ਇਸ ਕਾਮਯਾਬੀ ਨਾਲ ਕਈਂ ਦਿੱਗਜ ਗੇਂਦਬਾਜਾਂ ਨੂੰ ਪਿੱਛੇ ਛੱਡ ਦਿੱਤਾ ਹੈ |
23 ਸਾਲਾ ਗੇਂਦਬਾਜ਼ ਅੰਸ਼ੁਲ ਨੇ ਕੇਰਲ ਖ਼ਿਲਾਫ਼ ਗਰੁੱਪ ਸੀ ਦੇ ਮੈਚ ‘ਚ ਇਹ ਉਪਲਬਧੀ ਹਾਸਲ ਕੀਤੀ। ਅੰਸ਼ੁਲ ਕੰਬੋਜ ਨੇ 30.1 ਓਵਰਾਂ ‘ਚ 49 ਦੌੜਾਂ ਦੇ ਕੇ 10 ਵਿਕਟਾਂ ਹਾਸਲ ਕੀਤੀਆਂ ਹਨ। ਤੀਜੇ ਦਿਨ ਦੀ ਖੇਡ ਸ਼ੁਰੂ ਹੋਣ ਤੋਂ ਪਹਿਲਾਂ ਤੇਜ਼ ਗੇਂਦਬਾਜ਼ ਕੰਬੋਜ ਨੂੰ ਇਹ ਉਪਲਬੱਧੀ ਹਾਸਲ ਕਰਨ ਲਈ ਸਿਰਫ਼ ਦੋ ਵਿਕਟਾਂ ਦੀ ਲੋੜ ਸੀ।
ਉਨ੍ਹਾਂ ਨੇ ਬੇਸਿਲ ਥੰਪੀ ਅਤੇ ਸ਼ਾਨ ਰੋਜਰ ਦੀਆਂ ਵਿਕਟਾਂ ਲੈ ਕੇ ਰਿਕਾਰਡ ਬੁੱਕ ‘ਚ ਆਪਣਾ ਨਾਂ ਦਰਜ ਕਰਵਾ ਲਿਆ ਹੈ। ਅੰਸ਼ੁਲ ਕੰਬੋਜ (Anshul Kamboj) ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਹਰਿਆਣਾ ਨੇ ਕੇਰਲ ਨੂੰ ਪਹਿਲੀ ਪਾਰੀ ‘ਚ 291 ਦੌੜਾਂ ‘ਤੇ ਆਊਟ ਕਰ ਦਿੱਤਾ। ਇਸ ਦੌਰਾਨ ਕੰਬੋਜ ਨੇ ਪਹਿਲੀ ਸ਼੍ਰੇਣੀ ਕ੍ਰਿਕਟ ‘ਚ 50 ਵਿਕਟਾਂ ਵੀ ਪੂਰੀਆਂ ਕੀਤੀਆਂ।
Read More: IND vs SA: ਸੀਰੀਜ਼ ਦੇ ਫੈਸਲਾਕੁਨ T20 ਮੈਚ ‘ਚ ਅੱਜ ਭਿੜਨਗੀਆਂ ਭਾਰਤ ਤੇ ਦੱਖਣੀ ਅਫਰੀਕਾ
ਜਿਕਰਯੋਗ ਹੈ ਕਿ ਰਣਜੀ ਟਰਾਫੀ ‘ਚ ਉਸ ਤੋਂ ਪਹਿਲਾਂ ਬੰਗਾਲ ਦੇ ਪ੍ਰੇਮਾਂਸ਼ੂ ਚੈਟਰਜੀ (20 ਦੌੜਾਂ ‘ਤੇ 10 ਵਿਕਟਾਂ, ਬੰਗਾਲ ਬਨਾਮ ਅਸਾਮ, 1956) ਅਤੇ ਰਾਜਸਥਾਨ ਦੇ ਪ੍ਰਦੀਪ ਸੁੰਦਰਮ (78 ਦੌੜਾਂ ‘ਤੇ 10 ਵਿਕਟਾਂ, ਰਾਜਸਥਾਨ ਬਨਾਮ ਵਿਦਰਭ, 1985) ਨੇ ਇਹ ਕਾਮਯਾਬੀ ਹਾਸਲ ਕੀਤੀ ਸੀ। ਕੁੱਲ ਮਿਲਾ ਕੇ ਅੰਸ਼ੁਲ ਕੰਬੋਜ ਪਹਿਲੀ ਸ਼੍ਰੇਣੀ ਕ੍ਰਿਕਟ ‘ਚ 10 ਵਿਕਟਾਂ ਲੈਣ ਵਾਲੇ ਛੇਵੇਂ ਭਾਰਤੀ ਗੇਂਦਬਾਜ਼ ਬਣ ਗਏ ਹਨ। ਉਨ੍ਹਾਂ ਤੋਂ ਪਹਿਲਾਂ ਅਨਿਲ ਕੁੰਬਲੇ, ਸੁਭਾਸ਼ ਗੁਪਤਾ ਅਤੇ ਦੇਬਾਸ਼ੀਸ਼ ਮੋਹੰਤੀ ਅਜਿਹਾ ਕਰ ਚੁੱਕੇ ਹਨ।
ਇਸ ਤੋਂ ਪਹਿਲਾਂ ਗੋਆ ਦੇ ਸਨੇਹਲ ਕੌਥੰਕਰ ਅਤੇ ਕਸ਼ਯਪ ਬਾਕਲੇ ਨੇ ਰਣਜੀ ਟਰਾਫੀ ‘ਚ ਸਭ ਤੋਂ ਵੱਡੀ ਸਾਂਝੇਦਾਰੀ ਦਾ ਰਿਕਾਰਡ ਬਣਾਇਆ ਸੀ। ਦੋਵਾਂ ਨੇ ਅਰੁਣਾਚਲ ਪ੍ਰਦੇਸ਼ ਖ਼ਿਲਾਫ ਤੀਜੇ ਵਿਕਟ ਲਈ 606 ਦੌੜਾਂ ਦੀ ਸਾਂਝੇਦਾਰੀ ਕੀਤੀ ਸੀ। ਇੰਨਾ ਹੀ ਨਹੀਂ ਦੋਵਾਂ ਨੇ ਤੀਹਰੇ ਸੈਂਕੜੇ ਵੀ ਲਗਾਏ। ਸਨੇਹਲ ਨੇ 215 ਗੇਂਦਾਂ ‘ਚ 45 ਚੌਕਿਆਂ ਤੇ ਚਾਰ ਛੱਕਿਆਂ ਦੀ ਮੱਦਦ ਨਾਲ ਨਾਬਾਦ 314 ਦੌੜਾਂ ਅਤੇ ਕਸ਼ਯਪ ਬਕਲੇ ਨੇ 269 ਗੇਂਦਾਂ ‘ਚ 39 ਚੌਕਿਆਂ ਤੇ ਦੋ ਛੱਕਿਆਂ ਦੀ ਮਦਦ ਨਾਲ ਨਾਬਾਦ 300 ਦੌੜਾਂ ਬਣਾਈਆਂ।