July 7, 2024 1:31 pm
ਝੋਨੇ ਦੀ ਬਿਜਾਈ

ਝੋਨੇ ਦੀ ਬਿਜਾਈ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਮਿਲੇਗੀ: ਹਰਭਜਨ ਸਿੰਘ ਈ.ਟੀ.ਓ.

ਚੰਡੀਗੜ੍ਹ/ ਲੁਧਿਆਣਾ, 23 ਮਈ 2023: ਝੋਨੇ ਦੀ ਬਿਜਾਈ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਬਿਜਲੀ ਦੀ ਢੁਕਵੀਂ ਸਪਲਾਈ ਯਕੀਨੀ ਬਣਾਉਣ ਲਈ ਪੰਜਾਬ ਦੇ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ ਨੇ ਸੋਮਵਾਰ ਪਿੰਡ ਬਰਮੀ ਵਿਖੇ 66 ਕੇਵੀ ਬਿਜਲੀ ਸਬਸਟੇਸ਼ਨ ਦਾ ਉਦਘਾਟਨ ਕਰਨ ਤੋਂ ਇਲਾਵਾ ਗਿੱਦੜਵਿੰਡੀ ਵਿਖੇ ਨਵੇਂ 66 ਕੇਵੀ ਸਬ ਸਟੇਸ਼ਨ ਦਾ ਨੀਂਹ ਪੱਥਰ ਰੱਖਿਆ ਅਤੇ 10.6 ਕਿਲੋਮੀਟਰ ਲਾਈਨ ਲੋਕਾਂ ਨੂੰ ਸਮਰਪਿਤ ਕੀਤੀ।

ਇਸ ਦੌਰਾਨ ਸ. ਹਰਭਜਨ ਸਿੰਘ ਈ.ਟੀ.ਓ. ਨਾਲ ਜਗਰਾਉਂ ਤੋਂ ਵਿਧਾਇਕ ਸਰਵਜੀਤ ਕੌਰ ਮਾਣੂੰਕੇ, ਰਾਏਕੋਟ ਤੋਂ ਵਿਧਾਇਕ ਹਾਕਮ ਸਿੰਘ ਠੇਕੇਦਾਰ, ਡਾਇਰੈਕਟਰ ਡਿਸਟਰੀਬਿਊਸ਼ਨ ਪੀ.ਐਸ.ਪੀ.ਸੀ.ਐਲ. ਇੰਜ ਡੀਪੀਐਸ ਗਰੇਵਾਲ, ਚੀਫ ਇੰਜੀਨੀਅਰ ਡਿਸਟ੍ਰੀਬਿਊਸ਼ਨ ਸੈਂਟਰਲ ਜ਼ੋਨ (ਪੀਐਸਪੀਸੀਐਲ), ਇੰਜ ਐਸ.ਆਰ. ਵਸ਼ਿਸ਼ਟ, ਚੀਫ ਇੰਜੀਨੀਅਰ ਟਰਾਂਸਮਿਸ਼ਨ ਲਾਈਨ ਇੰਜ ਇੰਦਰਜੀਤ ਸਿੰਘ ਅਤੇ ਐਸ ਈ ਸਬ-ਅਰਬਨ ਲੁਧਿਆਣਾ ਇੰਜ ਜਗਦੇਵ ਹੰਸ ਵੀ ਮੌਜੂਦ ਰਹੇ।

ਇਸ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਹਰ ਵਰਗ ਦੇ ਖਪਤਕਾਰਾਂ ਨੂੰ ਮਿਆਰੀ, ਭਰੋਸੇਮੰਦ ਅਤੇ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਵਚਨਬੱਧ ਹੈ।

ਸ. ਹਰਭਜਨ ਸਿੰਘ ਨੇ ਖੁਲਾਸਾ ਕੀਤਾ ਕਿ ਇਸ ਨਵੇਂ 66 ਕੇਵੀ ਸਬ ਸਟੇਸ਼ਨ ਗਿੱਦੜਵਿੰਡੀ ਲਈ ਇੱਕ ਨਵਾਂ 12.5 ਐਮਵੀਏ ਪਾਵਰ ਟਰਾਂਸਫਾਰਮਰ ਸਥਾਪਿਤ ਕੀਤਾ ਗਿਆ ਹੈ ਅਤੇ ਇਸ ਸਬ ਸਟੇਸ਼ਨ ਲਈ ਇੱਕ ਨਵੀਂ 6.5 ਕਿਲੋਮੀਟਰ 66 ਕੇਵੀ ਟਰਾਂਸਮਿਸ਼ਨ ਲਾਈਨ ਵਿਛਾਈ ਗਈ ਹੈ। ਇਸ ਪ੍ਰੋਜੈਕਟ ਦੀ ਕੁੱਲ ਲਾਗਤ 409.47 ਲੱਖ ਰੁਪਏ ਰਹੀ।

ਬਿਜਲੀ ਮੰਤਰੀ ਨੇ ਅੱਗੇ ਕਿਹਾ ਕਿ ਇਹ ਸਬ ਸਟੇਸ਼ਨ 66 ਕੇਵੀ ਸਬ ਸਟੇਸ਼ਨ ਸਿੱਧਵਾਂ ਬੇਟ ਅਤੇ 66 ਕੇਵੀ ਸਬਸਟੇਸ਼ਨ ਕਿਸ਼ਨਪੁਰਾ ਦਾ ਲੋਡ ਘਟਾਉਣ ਵਿੱਚ ਸਹਾਈ ਹੋਵੇਗਾ। ਜਿਸ ਨਾਲ ਗਿੱਦੜਵਿੰਡੀ, ਲੋਧੀਵਾਲ, ਤਿਹਾੜਾ, ਮਲਸੀਆਂ ਬਾਜਨ, ਸੋਢੀਵਾਲ, ਜਨੇਤਪੁਰਾ, ਸ਼ੇਰੇਵਾਲ, ਕੰਨੀਆਂ ਹੁਸੈਨੀ, ਪਰਜੀਆਂ, ਬਹਾਦਰਕੇ ਅਤੇ ਸਫੀਪੁਰਾ ਸਮੇਤ ਕਈ ਹੋਰ ਪਿੰਡਾਂ ਨੂੰ ਬਿਜਲੀ ਸਪਲਾਈ ਵਿੱਚ ਵਾਧਾ ਹੋਵੇਗਾ।

ਇਸ ਤੋਂ ਇਲਾਵਾ, 66 ਕੇਵੀ ਸਬ ਸਟੇਸ਼ਨ ਸਿੱਧਵਾਂ ਬੇਟ ਨੂੰ ਸਿੰਗਲ ਸੋਰਸ – 220 ਕੇਵੀ ਸਬਸਟੇਸ਼ਨ ਜਗਰਾਉਂ ਦੁਆਰਾ ਬਿਜਲੀ ਸਪਲਾਈ ਕੀਤੇ ਜਾਣ ਨੂੰ ਧਿਆਨ ਵਿੱਚ ਰੱਖਦੇ ਹੋਏ, ਵਿਭਾਗ ਵੱਲੋਂ 244.5 ਲੱਖ ਰੁਪਏ ਦੀ ਲਾਗਤ ਨਾਲ ਇੱਕ ਨਵੀਂ 10.6 ਕਿਲੋਮੀਟਰ ਲੰਬੀ 66 ਕੇਵੀ ਸਿੱਧਵਾਂ ਬੇਟ-ਭੂੰਦੜੀ ਟਰਾਂਸਮਿਸ਼ਨ ਲਾਈਨ ਵਿਛਾਈ ਗਈ ਹੈ। ਹੁਣ, ਇਹ ਨਵਾਂ 66ਕੇਵੀ ਲਿੰਕ ਸਬਸਟੇਸ਼ਨ ਸਿੱਧਵਾਂ ਬੇਟ ਲਈ ਬੈਕਅੱਪ ਸਪਲਾਈ ਵਜੋਂ ਕੰਮ ਕਰੇਗਾ। ਜਿਸ ਨਾਲ ਸਬ ਸਟੇਸ਼ਨ ਸਿੱਧਵਾਂ ਬੇਟ ਦੀ ਬਿਜਲੀ ਸਪਲਾਈ 220 ਕੇਵੀ ਸਬ ਸਟੇਸ਼ਨ ਜਗਰਾਓਂ ਤੋਂ ਬਿਜਲੀ ਸਪਲਾਈ ਕੱਟਣ ਤੋਂ ਬਾਅਦ ਵੀ ਪ੍ਰਭਾਵਿਤ ਨਹੀਂ ਹੋਵੇਗੀ। ਇਸ ਤਰ੍ਹਾਂ ਸਾਰੇ ਪਿੰਡਾਂ ਨੂੰ 24 ਘੰਟੇ ਬਿਜਲੀ ਦੀ ਸਪਲਾਈ ਦਿੱਤੀ ਜਾਵੇਗੀ।

ਬਿਜਲੀ ਮੰਤਰੀ ਨੇ ਰਾਏਕੋਟ ਦੇ ਪਿੰਡ ਬਰਮੀ ਦਾ ਵੀ ਦੌਰਾ ਕੀਤਾ ਅਤੇ ਲੋਕਾਂ ਨੂੰ ਨਵਾਂ 66 ਕੇਵੀ ਸਬ ਸਟੇਸ਼ਨ ਸਮਰਪਿਤ ਕੀਤਾ। ਸ. ਹਰਭਜਨ ਸਿੰਘ ਨੇ ਦੱਸਿਆ ਕਿ ਇਸ ਸਬ ਸਟੇਸ਼ਨ ‘ਤੇ ਨਵਾਂ 8.0/10.0 ਐਮਵੀਏ ਪਾਵਰ ਟਰਾਂਸਫਾਰਮਰ ਸਥਾਪਿਤ ਕੀਤਾ ਗਿਆ ਹੈ ਅਤੇ 11 ਕੇਵੀ ਟਰਾਂਸਮਿਸ਼ਨ ਲਾਈਨ ਵਿਛਾਈ ਗਈ ਹੈ। ਇਸ ਪ੍ਰਾਜੈਕਟ ਦੀ ਕੁੱਲ ਲਾਗਤ 3.86 ਕਰੋੜ ਰੁਪਏ ਹੈ।
ਉਨ੍ਹਾਂ ਦੱਸਿਆ ਕਿ ਇਹ ਸਬ ਸਟੇਸ਼ਨ 66 ਕੇਵੀ ਸਬਸਟੇਸ਼ਨ ਰਾਏਕੋਟ ਅਤੇ 66 ਕੇਵੀ ਸਬਸਟੇਸ਼ਨ ਪੱਖੋਵਾਲ ਦਾ ਲੋਡ ਘਟਾਉਣ ਵਿੱਚ ਮਦਦ ਕਰੇਗਾ ਜਿਸ ਨਾਲ 15 ਪਿੰਡਾਂ ਦੇ 20000 ਖਪਤਕਾਰਾਂ ਨੂੰ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਇਸ 66 ਕੇਵੀ ਸਬ ਸਟੇਸ਼ਨ ਬਰਮੀ ਦਾ ਸਿੱਧਾ ਲਾਭ ਨੂਰਪੁਰਾ, ਤਾਜਪੁਰ, ਕੈਲੇ, ਬੁਰਜ ਲਿੱਟਾਂ, ਗੋਂਦਵਾਲ, ਹਲਵਾਰਾ ਅਤੇ ਹੋਰ ਨੇੜਲੇ ਪਿੰਡਾਂ ਨੂੰ ਮਿਲੇਗਾ।

ਸ. ਹਰਭਜਨ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਸੇਵਾਵਾਂ ਵਿੱਚ ਸੁਧਾਰ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਇਸ ਝੋਨੇ ਦੀ ਬਿਜਾਈ ਦੇ ਸੀਜ਼ਨ ਵਿੱਚ ਸਰਕਾਰ ਕਿਸਾਨਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਦੀ ਸਪਲਾਈ ਯਕੀਨੀ ਬਣਾਏਗੀ।ਉਨ੍ਹਾਂ ਨੇ ਇਸ ਸਬੰਧੀ ਤਿਆਰੀਆਂ ਦਾ ਜਾਇਜ਼ਾ ਲਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਸਾਰੇ ਟਰਾਂਸਫਾਰਮਰਾਂ ਅਤੇ ਟਰਾਂਸਮਿਸ਼ਨ ਲਾਈਨਾਂ ਦੀ ਜਾਂਚ ਕਰਨ ਤੇ ਜੇਕਰ ਕੋਈ ਨੁਕਸ ਹੈ, ਤਾਂ ਉਸਨੂੰ ਤੁਰੰਤ ਦੂਰ ਕਰਨ ਦੇ ਨਿਰਦੇਸ਼ ਦਿੱਤੇ।ਬਿਜਲੀ ਮੰਤਰੀ ਹਰਭਜਨ ਸਿੰਘ ਨੇ 20 ਮਈ ਤੋਂ 31 ਮਈ ਤੱਕ ਝੋਨੇ ਦੀ ਸਿੱਧੀ ਬਿਜਾਈ ਲਈ ਬਿਜਲੀ ਸਪਲਾਈ ਦੇ ਸਮੇਂ ਦੇ ਵੇਰਵੇ ਨੂੰ ਸਾਂਝੇ ਕਰਦਿਆਂ ਦੱਸਿਆ ਕਿ ਹਰੇਕ ਖੇਤੀਬਾੜੀ ਫੀਡਰ ਨੂੰ ਬਦਲਵੇਂ ਦਿਨ ਅੱਠ ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਡੀਐਸਆਰ ਖੇਤਰਾਂ ਨੂੰ ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਉਨ੍ਹਾਂ ਕਿਹਾ ਕਿ ਖੰਨਾ, ਸ੍ਰੀ ਫਤਹਿਗੜ੍ਹ ਸਾਹਿਬ ਅਤੇ ਤਰਨਤਾਰਨ ਗਰੁੱਪ ਏ1 (ਏ) ਅਧੀਨ ਖੇਤਰਾਂ ਅਤੇ ਫਿਰੋਜ਼ਪੁਰ, ਬਰਨਾਲਾ ਅਤੇ ਮਲੇਰਕੋਟਲਾ ਗਰੁੱਪ ਏ1 (ਬੀ) ਅਧੀਨ ਪੈਂਦੇ ਖੇਤਰਾਂ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ 8 ਘੰਟੇ ਨਿਰਵਿਘਨ ਸਪਲਾਈ ਦਿੱਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਗਰੁੱਪ ਏ 2 (ਏ) ਵਿੱਚ ਜਲੰਧਰ, ਹੁਸ਼ਿਆਰਪੁਰ, ਲੁਧਿਆਣਾ (ਸਿਟੀ ਅਤੇ ਸਬ-ਅਰਬਨ) ਅਤੇ ਗਰੁੱਪ ਏ2 (ਬੀ) ਵਿੱਚ ਸੰਗਰੂਰ, ਐਸਬੀਐਸ ਨਗਰ (ਨਵਾਂਸ਼ਹਿਰ) ਨੂੰ ਸਵੇਰੇ 7.30 ਵਜੇ ਤੋਂ ਦੁਪਹਿਰ 3.30 ਵਜੇ ਤੱਕ ਬਿਜਲੀ ਸਪਲਾਈ ਮਿਲੇਗੀ।

ਜਦਕਿ ਗਰੁੱਪ ਬੀ1 (ਏ) ਜਿਸ ਵਿੱਚ ਫਰੀਦਕੋਟ, ਮੋਗਾ, ਅੰਮ੍ਰਿਤਸਰ (ਸਿਟੀ ਅਤੇ ਸਬ-ਅਰਬਨ) ਹਨ ਅਤੇ ਗਰੁੱਪ ਬੀ1 (ਬੀ) ਸਮੇਤ ਸ਼੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਐਸ.ਏ.ਐਸ. ਨਗਰ (ਮੋਹਾਲੀ), ਗੁਰਦਾਸਪੁਰ, ਪਠਾਨਕੋਟ ਅਤੇ ਰੋਪੜ ਨੂੰ ਸਵੇਰੇ 8.30 ਵਜੇ ਤੋਂ ਸ਼ਾਮ 4.30 ਵਜੇ ਤੱਕ ਬਿਜਲੀ ਸਪਲਾਈ ਮਿਲੇਗੀ। ਇਸ ਦੌਰਾਨ ਇੰਟਰਨੈਸ਼ਨਲ ਬਾਰਡਰ ਏਰੀਆ ਗਰੁੱਪ (ਕੰਡੇਦਾਰ ਤਾਰ ਤੋਂ ਪਾਰ ਫੀਡਰ) ਅਤੇ ਖੇਤਰਾਂ- ਪਟਿਆਲਾ, ਕਪੂਰਥਲਾ, ਬਠਿੰਡਾ ਅਤੇ ਮਾਨਸਾ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਨਿਰਵਿਘਨ ਸਪਲਾਈ ਦਿੱਤੀ ਜਾਵੇਗੀ।