July 8, 2024 8:57 pm
Chetan Singh Jauramajra

ਪਰਾਲੀ ਨੂੰ ਅੱਗ ਨਾ ਲਗਾਉਣ ਸਗੋਂ ਫ਼ਸਲਾਂ ਦੀ ਰਹਿੰਦ-ਖੂੰਹਦ ਜਮੀਨ ‘ਚ ਮਿਲਾ ਕੇ ਹੀ ਕਣਕ ਦੀ ਬਿਜਾਈ ਕਰਨ ਕਿਸਾਨ: ਚੇਤਨ ਸਿੰਘ ਜੌੜਾਮਾਜਰਾ

ਸਮਾਣਾ, 01 ਨਵੰਬਰ 2023: ਪੰਜਾਬ ਦੇ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ (Chetan Singh Jauramajra) ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਇਸ ਗੱਲੋਂ ਵਚਨਬੱਧ ਹੈ ਕਿ ਸੂਬੇ ਦੇ ਕਿਸਾਨਾਂ ਨੂੰ ਖੁਸ਼ਹਾਲ ਬਣਾਇਆ ਜਾਵੇ। ਕੈਬਨਿਟ ਮੰਤਰੀ ਜੌੜਾਮਾਜਰਾ ਅੱਜ ਸਮਾਣਾ ਵਿਖੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਰਾਲੀ ਪ੍ਰਬੰਧਨ ਦੀਆਂ ਸਬਸਿਡੀ ਉਪਰ ਮਿਲਦੀਆਂ ਮਸ਼ੀਨਾਂ ਦੀ ਇਨਸੀਟੂ-ਸੀ.ਆਰ.ਐਮ. ਸਕੀਮ ਤਹਿਤ ਪੜਤਾਲ ਕਰਨ ਲਈ ਸਮਾਣਾ ਤੇ ਪਾਤੜਾਂ ਇਲਾਕੇ ਦੇ ਕਿਸਾਨਾਂ ਲਈ ਲਗਾਏ ਗਏ ਕੈਂਪ ਮੌਕੇ ਕਿਸਾਨਾਂ ਨਾਲ ਮੁਲਾਕਾਤ ਕਰ ਰਹੇ ਸਨ।

ਸ. ਜੌੜਾਮਾਜਰਾ (Chetan Singh Jauramajra) ਨੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਫ਼ਸਲਾਂ ਦੀ ਰਹਿੰਦ-ਖੂੰਹਦ ਤੇ ਪਰਾਲੀ ਨੂੰ ਅੱਗ ਨਾ ਲਗਾਉਣ ਤਾਂ ਕਿ ਵਾਤਾਵਰਣ ਵੀ ਗੰਧਲਾ ਨਾ ਹੋਵੇ ਤੇ ਸਾਡੇ ਮਿੱਤਰ ਕੀੜਿਆਂ ਦਾ ਕੋਈ ਨੁਕਸਾਨ ਨਾ ਹੋਵੇ। ਉਨ੍ਹਾਂ ਕਿਹਾ ਕਿ ਹੁਣ ਤਾਂ ਪਰਾਲੀ ਨੂੰ ਖੇਤਾਂ ਵਿੱਚ ਮਿਲਾਉਣ ਦੇ ਅਨੇਕਾਂ ਸੰਦ ਉਪਲਬੱਧ ਹਨ ਅਤੇ ਪੰਜਾਬ ਸਰਕਾਰ ਇਨ੍ਹਾਂ ਉਪਰ ਸਬਸਿਡੀ ਵੀ ਪ੍ਰਦਾਨ ਕਰ ਰਹੀ ਹੈ, ਇਸ ਲਈ ਕਿਸਾਨ ਪਰਾਲੀ ਸਾੜਨ ਦੀ ਥਾਂ, ਇਸ ਨੂੰ ਜਮੀਨ ਵਿੱਚ ਹੀ ਮਿਲਾਕੇ ਸੁਪਰ ਸੀਡਰ, ਹੈਪੀ ਸੀਡਰ ਤੇ ਨਵੀਂ ਤਕਨੀਕ ਦੀ ਮਸ਼ੀਨ ਸਰਫੇਸ ਸੀਡਰ ਨਾਲ ਕਣਕ ਦੀ ਬਿਜਾਈ ਕਰਨ।

ਸ. ਚੇਤਨ ਸਿੰਘ ਜੌੜਾਮਾਜਰਾ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਸਬਸਿਡੀ ਦੇ ਘੇਰੇ ਵਿੱਚ ਆਉਂਦੀਆਂ ਫ਼ਸਲਾਂ ਦੀ ਰਹਿੰਦ-ਖ਼ੂੰਹਦ ਪ੍ਰਬੰਧਨ ਦੀਆਂ ਮਸ਼ੀਨਾਂ, ਬੇਲਰ, ਰੇਕਰ, ਸੁਪਰ ਸੀਡਰ ਤੇ ਜੀਰੋ ਡ੍ਰਿਲ ਆਦਿ ਦੀ ਖਰੀਦ ਕਰਕੇ ਇਨ੍ਹਾਂ ਉਪਰ ਸਬਸਿਡੀ ਲੈਣ ਲਈ ਫਾਰਮ ਭਰਕੇ ਖੇਤੀਬਾੜੀ ਵਿਭਾਗ ਕੋਲ ਜਮ੍ਹਾਂ ਕਰਵਾਉਣ ਅਤੇ ਇਨ੍ਹਾਂ ਮਸ਼ੀਨਾਂ ਦੀ ਪੜਤਾਲ ਲਾਜਮੀ ਕਰਵਾਉਣ ਤਾਂ ਕਿ ਉਨ੍ਹਾਂ ਨੂੰ ਸਬਸਿਡੀ ਮਿਲ ਸਕੇ।

ਐਸ.ਡੀ.ਐਮਜ ਸਮਾਣਾ ਤੇ ਪਾਤੜਾਂ ਚਰਨਜੀਤ ਸਿੰਘ ਤੇ ਨਵਦੀਪ ਕੁਮਾਰ ਅਤੇ ਖੇਤੀਬਾੜੀ ਅਫ਼ਸਰ ਸਤੀਸ਼ ਕੁਮਾਰ ਨੇ ਦੱਸਿਆ ਕਿ ਇਸ ਦੌਰਾਨ ਕਰੀਬ 200 ਮਸ਼ੀਨਾਂ ਦੀ ਪੜਤਾਲ ਕੀਤੀ ਗਈ ਹੈ। ਇਸ ਦੇ ਨਾਲ ਹੀ ਕਿਸਾਨਾਂ ਨੂੰ ਪਰਾਲੀ ਸਾੜਨ ਦੇ ਮਾਰੂ ਪ੍ਰਭਾਵਾਂ ਤੋਂ ਵੀ ਜਾਣੂ ਕਰਵਾਇਆ ਗਿਆ ਹੈ।

ਇਸ ਮੌਕੇ ਹਰਜਿੰਦਰ ਸਿੰਘ ਮਿੰਟੂ, ਗੁਰਦੇਵ ਸਿੰਘ ਟਿਵਾਣਾ, ਗੁਲਜ਼ਾਰ ਸਿੰਘ ਵਿਰਕ, ਬਲਕਾਰ ਸਿੰਘ ਗੱਜੂਮਾਜਰਾ, ਅਗਰਵਾਲ ਧਰਮਸ਼ਾਲਾ ਦੇ ਪ੍ਰਧਾਨ ਮਦਨ ਮਿੱਤਲ, ਸੁਰਜੀਤ ਸਿੰਘ ਦਹੀਆ, ਸੁਰਜੀਤ ਸਿੰਘ ਫ਼ੌਜੀ, ਅਮਨਦੀਪ ਸਿੰਘ ਸੋਨੂ ਥਿੰਦ, ਏ.ਡੀ.ਓਜ ਜੁਪਿੰਦਰ ਸਿੰਘ, ਅਮਨ ਤੇ ਗੁਰਮੇਲ ਸਿੰਘ, ਸ਼ਿਵ ਕੁਮਾਰ, ਜਤਿੰਦਰ ਸਿੰਘ, ਗੁਰਵਿੰਦਰ ਸਿੰਘ ਕਕਰਾਲਾ, ਗੁਰਵਿੰਦਰ ਸਿੰਘ ਘੱਗਾ, ਓਮ ਪ੍ਰਕਾਸ਼, ਸ਼ਰਨਦੀਪ ਕੌਰ ਅਤੇ ਹੋਰ ਪਤਵੰਤੇ ਮੌਜੂਦ ਸਨ।