ਰੇਲਵੇ ਟਰੈਕ ਜਾਮ

ਪੰਜਾਬ ‘ਚ ਰੇਲਵੇ ਟਰੈਕ ‘ਤੇ ਧਰਨਾ ਦੇ ਰਹੇ ਕਿਸਾਨਾਂ ਨੂੰ ਪੁਲਿਸ ਨੇ ਹਟਾਇਆ

ਪੰਜਾਬ, 05 ਦਸੰਬਰ 2025: ਪੰਜਾਬ ਦੇ ਕਿਸਾਨ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਰੇਲਵੇ ਟਰੈਕ ਜਾਮ ਕਰਨ ਜਾ ਰਹੇ ਸਨ. ਇਸ ਦੌਰਾਨ ਪੁਲਿਸ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ। ਕੁਝ ਕਿਸਾਨਾਂ ਨੇ ਫਿਰੋਜ਼ਪੁਰ, ਜਲੰਧਰ ਅਤੇ ਅੰਮ੍ਰਿਤਸਰ ਸਮੇਤ ਪੰਜਾਬ ਦੇ ਕਈ ਥਾਵਾਂ ‘ਤੇ ਵਿਰੋਧ ਪ੍ਰਦਰਸ਼ਨ ਕੀਤੇ । ਇਸ ਦੌਰਾਨ ਕਈਂ ਥਾਵਾਂ ‘ਤੇ ਕੁਝ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਾਲੇ ਹਲਕੀ ਝੜੱਪ ਵੀ ਹੋਈ |

ਇਸਦੇ ਨਾਲ ਹੀ ਲੁਧਿਆਣਾ, ਜਲੰਧਰ ਅਤੇ ਅੰਮ੍ਰਿਤਸਰ ਸਮੇਤ 19 ਜ਼ਿਲ੍ਹਿਆਂ ‘ਚ 26 ਥਾਵਾਂ ‘ਤੇ ਵਿਰੋਧ ਪ੍ਰਦਰਸ਼ਨਾਂ ਦੀ ਯੋਜਨਾ ਬਣਾਈ ਗਈ ਸੀ। ਜਿੱਥੇ ਪੁਲਿਸ ਨੇ ਕਿਸਾਨਾਂ ਨੂੰ ਲੁਧਿਆਣਾ ‘ਚ ਪਟੜੀਆਂ ‘ਤੇ ਪਹੁੰਚਣ ਤੋਂ ਵੀ ਰੋਕਿਆ, ਉੱਥੇ ਹੀ ਜਲੰਧਰ ‘ਚ ਕਿਸਾਨਾਂ ਨੂੰ ਹਿਰਾਸਤ ‘ਚ ਲੈ ਲਿਆ ਗਿਆ।

ਪ੍ਰਦਰਸ਼ਨ ਦੇ ਐਲਾਨ ਦੀ ਜਾਣਕਾਰੀ ਮਿਲਦਿਆਂ ਹੀ ਪੰਜਾਬ ਪੁਲਿਸ ਸ਼ੁੱਕਰਵਾਰ ਸਵੇਰੇ ਕਿਸਾਨ ਆਗੂਆਂ ਦੇ ਘਰਾਂ ‘ਤੇ ਪਹੁੰਚੀ ਅਤੇ ਕਈ ਆਗੂਆਂ ਨੂੰ ਹਿਰਾਸਤ ‘ਚ ਲੈ ਲਿਆ। ਕਿਸਾਨ ਆਗੂਆਂ ਦਿਲਬਾਗ ਸਿੰਘ, ਮੱਖਣ ਸਿੰਘ ਅਤੇ ਸੁਖਦੇਵ ਮਗਲੀ ਨੂੰ ਘਰਾਂ ‘ਚ ਨਜ਼ਰਬੰਦ ਕਰ ਦਿੱਤਾ ਗਿਆ |

ਇਸ ਬਾਰੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਿਲਬਾਗ ਸਿੰਘ ਨੇ ਕਿਹਾ, “ਪੁਲਿਸ ਨੇ ਕੱਲ੍ਹ ਰਾਤ ਛਾਪੇਮਾਰੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਸਰਕਾਰ ‘ਤੇ ਵੀ ਸਵਾਲ ਚੁੱਕੇ | ਉਨ੍ਹਾਂ ਕਿਹਾ ਕਿ ਬਿਜਲੀ ਬੋਰਡ ਦਾ ਨਿੱਜੀਕਰਨ ਕੀਤਾ ਜਾ ਰਿਹਾ ਹੈ, ਅਤੇ ਸਰਕਾਰੀ ਜ਼ਮੀਨਾਂ ਨਿੱਜੀ ਹੱਥਾਂ ‘ਚ ਚਲੀਆਂ ਜਾਣਗੀਆਂ। ਗਰੀਬ ਲੋਕਾਂ ਨੂੰ ਬਿਜਲੀ ਨਹੀਂ ਮਿਲੇਗੀ। 90% ਗਰੀਬ ਆਪਣੀ ਬਿਜਲੀ ਗੁਆ ਦੇਣਗੇ।” ਪ੍ਰਦਰਸ਼ਨਕਾਰੀ ਕਿਸਾਨ ਬਿਜਲੀ ਸੋਧ ਬਿੱਲ ਵਾਪਸ ਲੈਣ ਦੀ ਮੰਗ ਕਰ ਰਹੇ ਹਨ।

ਫਿਰੋਜ਼ਪੁਰ ਡਿਵੀਜ਼ਨ ਦੇ ਸੀਨੀਅਰ ਡੀਸੀਐਮ ਪਰਮਦੀਪ ਸਿੰਘ ਸੈਣੀ ਨੇ ਕਿਹਾ ਕਿ ਰੇਲਗੱਡੀਆਂ ਦੇ ਸਮਾਂ-ਸਾਰਣੀਆਂ ‘ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ। ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਤੋਂ ਪ੍ਰਭਾਵਿਤ ਰੇਲਗੱਡੀਆਂ ਦੀ ਸੂਚੀ ਛੇਤੀ ਹੀ ਜਾਰੀ ਕੀਤੀ ਜਾਵੇਗੀ।

Read More: ਕਿਸਾਨਾਂ ਵਲੋਂ ਅੰਮ੍ਰਿਤਸਰ-ਪਠਾਨਕੋਟ ਰੇਲਵੇ ਟਰੈਕ ਅਣਮਿੱਥੇ ਸਮੇਂ ਲਈ ਜਾਮ

Scroll to Top