ਚੰਡੀਗੜ੍ਹ, 03 ਦਸੰਬਰ 2024: ਉੱਤਰ ਪ੍ਰਦੇਸ਼ ਦੇ ਨੋਇਡਾ ਦੇ ਦਲਿਤ ਪ੍ਰੇਰਨਾ ਸਥਲ ‘ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ (Farmers Protest)ਨੂੰ ਪੁਲਿਸ ਨੇ ਹਿਰਾਸਤ ‘ਚ ਲੈ ਲਿਆ। ਪੁਲਿਸ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ‘ਚ ਲੈ ਕੇ ਗ੍ਰੇਟਰ ਨੋਇਡਾ ਦੀ ਲਕਸਰ ਜੇਲ੍ਹ ਭੇਜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਪੰਜ ਬੱਸਾਂ ‘ਚ ਕਿਸਾਨਾਂ ਨੂੰ ਜੇਲ੍ਹ ‘ਚ ਲਿਆਂਦਾ ਗਿਆ | ਜਿਸ ਕਾਰਨ ਸੜਕ ’ਤੇ ਲੰਮਾ ਜਾਮ ਲੱਗ ਗਿਆ।
ਦੂਜੇ ਪਾਸੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਨੋਇਡਾ ਪਹੁੰਚਣ ਦੀ ਗੱਲ ਆਖੀ ਹੈ | ਜਿਕਰਯੋਗ ਹੈ ਕਿ ਕਿਸਾਨਾਂ ਵੱਲੋਂ ਵੱਖ-ਵੱਖ ਮੰਗਾਂ ਨੂੰ ਲੈ ਕੇ ਇੱਥੇ ਧਰਨਾ ਦੇ ਰਹੇ ਸਨ। ਪਿਛਲੇ ਸੋਮਵਾਰ ਕਿਸਾਨ ਮਹਾਮਾਇਆ ਫਲਾਈਓਵਰ ਰਾਹੀਂ ਦਿੱਲੀ ਲਈ ਰਵਾਨਾ ਹੋਏ ਸਨ। ਪੁਲਿਸ ਨੇ ਉਨ੍ਹਾਂ ਨੂੰ ਦਲਿਤ ਪ੍ਰੇਰਨਾ ਸਥਲ ‘ਤੇ ਹੀ ਰੋਕ ਲਿਆ ਅਤੇ ਉਨ੍ਹਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ। ਪ੍ਰਦਰਸ਼ਨ ਅਤੇ ਹੰਗਾਮੇ ਦਰਮਿਆਨ ਸਾਰੇ ਕਿਸਾਨ ਇੱਥੇ ਬੈਠ ਗਏ। ਜਿਨ੍ਹਾਂ ਨੂੰ ਹੁਣ ਹਟਾਇਆ ਜਾ ਰਿਹਾ ਹੈ।
ਕਿਸਾਨਾਂ ਦੇ ਪ੍ਰਦਰਸ਼ਨ (Farmers Protest) ਦੇ ਮੱਦੇਨਜ਼ਰ ਦਿੱਲੀ ਪੁਲਿਸ ਚੌਕਸ ਸੀ ਅਤੇ ਸੋਮਵਾਰ ਸਵੇਰ ਤੋਂ ਹੀ ਨੋਇਡਾ ਨਾਲ ਲੱਗਦੀਆਂ ਸਾਰੀਆਂ ਸਰਹੱਦਾਂ ‘ਤੇ ਚੌਕਸੀ ਵਧਾ ਦਿੱਤੀ ਸੀ। ਇਸ ਤੋਂ ਪਹਿਲਾਂ ਕਿਸਾਨਾਂ ਦੇ ਦਿੱਲੀ ਵੱਲ ਮਾਰਚ ਦੇ ਮੱਦੇਨਜ਼ਰ ਗੌਤਮ ਬੁੱਧ ਨਗਰ, ਨੋਇਡਾ ਨੂੰ ਦਿੱਲੀ ਨਾਲ ਜੋੜਨ ਵਾਲੀਆਂ ਸਾਰੀਆਂ ਸਰਹੱਦਾਂ ‘ਤੇ ਬੈਰੀਅਰ ਲਗਾਏ ਸਨ। ਦਿੱਲੀ ਅਤੇ ਯੂਪੀ ਦੀ ਟ੍ਰੈਫਿਕ ਪੁਲਿਸ ਨੂੰ ਜਾਮ ਤੋਂ ਬਚਣ ਲਈ ਐਡਵਾਈਜ਼ਰੀ ਜਾਰੀ ਕਰਨੀ ਪਈ।
ਦਿੱਲੀ-ਯੂਪੀ ਚਿੱਲਾ ਸਰਹੱਦ ‘ਤੇ ਪੁਲਿਸ ਅਤੇ ਆਰਏਐਫ ਨੂੰ ਤਾਇਨਾਤ ਕੀਤਾ ਗਿਆ ਹੈ। ਪੂਰਬੀ ਦਿੱਲੀ ਪੁਲਿਸ ਦੇ ਡਿਪਟੀ ਕਮਿਸ਼ਨਰ ਅਪੂਰਵ ਗੁਪਤਾ ਨੇ ਕਿਹਾ ਕਿ ਕੁਝ ਕਿਸਾਨ ਜਥੇਬੰਦੀਆਂ ਬਾਰੇ ਪਹਿਲਾਂ ਹੀ ਸੂਚਨਾ ਮਿਲੀ ਹੈ ਕਿ ਉਨ੍ਹਾਂ ਨੇ ਦਿੱਲੀ ਮਾਰਚ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੂੰ ਇਸ ਵਿਰੋਧ ਪ੍ਰਦਰਸ਼ਨ ਲਈ ਦਿੱਲੀ ਵਿਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਕਿਉਂਕਿ ਸੰਸਦ ਦਾ ਸਰਦ ਰੁੱਤ ਸੈਸ਼ਨ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਯਕੀਨੀ ਬਣਾਵਾਂਗੇ ਕਿ ਕੋਈ ਵੀ ਅਮਨ-ਕਾਨੂੰਨ ਦੀ ਸਥਿਤੀ ਨੂੰ ਖਰਾਬ ਨਾ ਕਰੇ।