July 2, 2024 8:44 pm
Farmers

Farmers Protest: ਦਿੱਲੀ ਵੱਲ ਜਾ ਰਹੇ ਕਿਸਾਨਾਂ ਨੂੰ ਨੋਇਡਾ ਪੁਲਿਸ ਨੇ ਰੋਕਿਆ, ਧਾਰਾ 144 ਲਾਗੂ

ਚੰਡੀਗੜ੍ਹ, 8 ਫਰਵਰੀ 2024: ਮੁਆਵਜ਼ੇ ਅਤੇ ਹੋਰ ਸਬੰਧਤ ਮੰਗਾਂ ਨੂੰ ਲੈ ਕੇ ਨੋਇਡਾ ਅਥਾਰਟੀ ਦੇ ਗੇਟ ‘ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ (Farmers) ਨੇ ਵੀਰਵਾਰ ਨੂੰ ਦਿੱਲੀ ਵੱਲ ਕੂਚ ਕੀਤਾ। ਇਸ ਦੇ ਮੱਦੇਨਜ਼ਰ ਟਰੈਫਿਕ ਪੁਲਿਸ ਨੇ ਸੈਕਟਰ-6 ਉਦਯੋਗ ਮਾਰਗ ’ਤੇ ਵਾਹਨਾਂ ਦੀ ਆਵਾਜਾਈ ’ਤੇ ਅੰਸ਼ਕ ਤੌਰ ’ਤੇ ਪਾਬੰਦੀ ਲਾ ਦਿੱਤੀ। ਕਿਸਾਨਾਂ ਦੇ ਰੋਸ ਮਾਰਚ ਦੇ ਮੱਦੇਨਜ਼ਰ ਦਿੱਲੀ-ਨੋਇਡਾ, ਚਿੱਲਾ ਬਾਰਡਰ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਕਈ ਕਿਸਾਨ ਆਗੂਆਂ ਨੂੰ ਉਨ੍ਹਾਂ ਦੀ ਰਿਹਾਇਸ਼ ‘ਤੇ ਹੀ ਨਿਗਰਾਨੀ ਹੇਠ ਰੱਖਿਆ ਗਿਆ ਹੈ। ਪੁਲਿਸ ਕਿਸਮ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ।

ਇਸਦੇ ਨਾਲ ਹੀ ਉੱਤਰ ਪ੍ਰਦੇਸ਼ ਦੇ ਕਿਸਾਨਾਂ (Farmers) ਨੇ ਆਪਣੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਦਿੱਲੀ-ਨੋਇਡਾ ਚਿੱਲਾ ਸਰਹੱਦ ਤੋਂ ਸੰਸਦ ਵੱਲ ਕੂਚ ਕੀਤਾ ਹੈ । ਕਿਸਾਨਾਂ ਨੇ ਨੋਇਡਾ ਤੋਂ ਦਿੱਲੀ ਦਾ ਰਸਤਾ ਜਾਮ ਕਰ ਦਿੱਤਾ ਹੈ। ਮਹਾਮਾਯਾ ਫਲਾਈਓਵਰ ਦੇ ਹੇਠਾਂ ਹਜ਼ਾਰਾਂ ਕਿਸਾਨ ਇਕੱਠੇ ਹੋਏ। ਹਜ਼ਾਰਾਂ ਕਿਸਾਨ ਦਿੱਲੀ ਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਪੁਲਿਸ ਨੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਰੋਕ ਲਿਆ। ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਲਈ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਰਾਕੇਸ਼ ਟਿਕੈਤ ਵੀ ਪੁੱਜੇ।

ਇਸ ਦੌਰਾਨ ਨੋਇਡਾ ਅਤੇ ਗਰੇਨੋ ਵਿੱਚ ਅੱਜ ਤੋਂ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਦਿੱਲੀ-ਨੋਇਡਾ ਸਰਹੱਦ ‘ਤੇ ਟ੍ਰੈਫਿਕ ਜਾਮ ਹੋ ਗਿਆ ਹੈ। ਨੋਇਡਾ ਅਤੇ ਦਿੱਲੀ ਦੇ ਕਈ ਮਾਰਗਾਂ ‘ਤੇ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।