ਚੰਡੀਗੜ੍ਹ 01 ਸਤੰਬਰ 2022: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾਅਵਾ ਕੀਤਾ ਹੈ ਕਿ ਸੂਬੇ ਦੇ ਕਿਸਾਨਾਂ ਨੂੰ ਝੋਨੇ ਦੀ ਫ਼ਸਲ (Paddy Crop) ਦੀ ਬਿਜਾਈ ਲਈ ਨਿਰਵਿਘਨ ਬਿਜਲੀ ਮਿਲੀ ਹੈ | ਇਸਦੇ ਨਾਲ ਹੀ ਗਰਮੀਆਂ ਵਿੱਚ ਵੀ ਪੰਜਾਬ ਵਿੱਚ ਬਿਜਲੀ ਦੀ ਸਭ ਤੋਂ ਵੱਧ ਮੰਗ ਪੂਰੀ ਹੁੰਦੀ ਹੈ | ਮੁੱਖ ਮੰਤਰੀ ਨੇ ਕਿਹਾ ਪਿਛਲੇ ਸਾਲ 13,431 ਮੈਗਾਵਾਟ ਦੀ ਮੰਗ ਦੇ ਮੁਕਾਬਲੇ 14,295 ਮੈਗਾਵਾਟ ਬਿਜਲੀ ਸਪਲਾਈ ਕੀਤੀ ਹੈ |
ਇਸਦੇ ਨਾਲ ਹੀ ਮਾਰਚ ਤੋਂ ਅਗਸਤ 2022 ਤੱਕ ਰਾਜ ਦੀ ਕੁੱਲ ਬਿਜਲੀ ਦੀ ਖਪਤ 38449 ਮਿਲੀਅਨ ਯੂਨਿਟ ਰਹੀ, ਜੋ ਕਿ ਪਿਛਲੇ ਸਾਲ ਦੀ ਰਿਪੋਰਟ ਕੀਤੀ ਗਈ 33963 ਮਿਲੀਅਨ ਯੂਨਿਟ ਨਾਲੋਂ 13.21% ਵੱਧ ਸੀ। ਪੰਜਾਬ ਸਰਕਾਰ ਟਰਾਂਸਮਿਸ਼ਨ ਨੈੱਟਵਰਕ ਨੂੰ ਮਜ਼ਬੂਤ ਕਰਨ ‘ਤੇ ਜ਼ੋਰ ਦੇ ਰਹੀ ਹੈ ਅਤੇ ਪੰਜਾਬ ਵਿੱਚ ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਵੀ ਅਪਗ੍ਰੇਡ ਕੀਤਾ ਜਾ ਰਿਹਾ ਹੈ |
ਇਸਦੇ ਨਾਲ ਹੀ ਸਰਕਾਰ ਹਰ ਲੰਘਦੇ ਸਾਲ ਦੇ ਨਾਲ ਏਟੀਸੀ/ਟੀਟੀਸੀ ਦੀ ਸੀਮਾ ਨੂੰ 1000 ਮੈਗਾਵਾਟ ਤੱਕ ਵਧਾਉਣ ਦੇ ਨਿਰਦੇਸ਼ ਦਿੰਦੀ ਹੈ | ਬਿਜਲੀ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਲਈ ਸਰਕਾਰ ਨੇ ਸੰਗਰੂਰ ਵਿੱਚ ਦੋ ਵੱਖ-ਵੱਖ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਹੈ ।