Delhi

ਪਹਿਲਵਾਨਾਂ ਦੇ ਧਰਨੇ ‘ਚ ਸ਼ਾਮਲ ਹੋਏ ਕਿਸਾਨ, ਦਿੱਲੀ ਪੁਲਿਸ ਨੇ ਕਿਹਾ ਜਲਦਬਾਜ਼ੀ ਕਾਰਨ ਟੁੱਟੇ ਬੈਰੀਕੇਡ

ਚੰਡੀਗੜ੍ਹ, 08 ਮਈ 2023: ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਹੇਠ ਸੈਂਕੜੇ ਕਿਸਾਨ ਦਿੱਲੀ ਦੇ ਜੰਤਰ-ਮੰਤਰ ‘ਤੇ ਪਹੁੰਚੇ ਅਤੇ ਪਹਿਲਵਾਨਾਂ (Wrestlers) ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ । ਜਿਕਰਯੋਗਹੇ ਕਿ 23 ਅਪ੍ਰੈਲ ਤੋਂ ਧਰਨਾ ਲਗਾਤਾਰ ਜਾਰੀ ਹੈ |

ਭਾਰਤੀ ਕੁਸ਼ਤੀ ਮਹਾਸੰਘ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਪਹਿਲਵਾਨਾਂ ਦੇ ਵਿਰੋਧ ਪ੍ਰਦਰਸ਼ਨ ‘ਚ ਸ਼ਾਮਲ ਹੋਏ ਕਿਸਾਨ ਵਲੋਂ ਅੱਜ ਦਿੱਲੀ ਪੁਲਿਸ ਦੇ ਬੈਰੀਕੇਡ ਤੋੜਨ ਦੀਆਂ ਖ਼ਬਰਾਂ ਹਨ । ਪਰ ਦਿੱਲੀ ਪੁਲਿਸ ਨੇ ਪ੍ਰਦਰਸ਼ਨ ਸਥਾਨ ‘ਤੇ ਕਿਸੇ ਅਣਸੁਖਾਵੀਂ ਘਟਨਾ ਤੋਂ ਇਨਕਾਰ ਕੀਤਾ।

ਇਸ ਦੌਰਾਨ ਪੁਲਿਸ ਡਿਪਟੀ ਕਮਿਸ਼ਨਰ ਪ੍ਰਣਵ ਤਾਇਲ ਨੇ ਕਿਹਾ ਕਿ ਇਹ ਘਟਨਾ ਉਦੋਂ ਹੋਈ, ਜਦੋਂ ਕੁਝ ਕਿਸਾਨ ਧਰਨਾ ਸਥਾਨ ‘ਤੇ ਪਹੁੰਚਣ ਦੀ ਜਲਦੀ ‘ਚ ਸਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪ੍ਰਦਰਸ਼ਨ ਸਥਾਨ ਤੱਕ ਲਿਜਾਉਣ ਲਈ ਬੈਰੀਕੇਡ ਹਟਾ ਦਿੱਤੇ ਗਏ ਸਨ ਅਤੇ ਬੈਠਕ ਸ਼ਾਂਤੀਪੂਰਨ ਤਰੀਕੇ ਨਾਲ ਹੋ ਰਹੀ ਹੈ। ਡਿਪਟੀ ਕਮਿਸ਼ਨਰ ਨੇ ਇਕ ਟਵੀਟ ‘ਚ ਕਿਹਾ,”ਕਿਸਾਨਾਂ ਦੇ ਇਕ ਸਮੂਹ ਨੂੰ ਜੰਤਰ-ਮੰਤਰ ਤੱਕ ਲਿਜਾਇਆ ਗਿਆ। ਉਹ ਧਰਨਾ ਸਥਾਨ ਤੱਕ ਪਹੁੰਚਣ ਦੀ ਜਲਦੀ ‘ਚ ਸਨ ਅਤੇ ਉਨ੍ਹਾਂ ‘ਚੋਂ ਕੁਝ ਬੈਰੀਕੇਡ ‘ਤੇ ਚੜ੍ਹ ਗਏ, ਜੋ ਹੇਠਾਂ ਡਿੱਗ ਗਏ ਅਤੇ ਉਨ੍ਹਾਂ ਨੂੰ ਹਟਾ ਦਿੱਤਾ ਗਿਆ। ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਦੇ ਪ੍ਰਵੇਸ਼ ਦੀ ਸਹੂਲਤ ਲਈ ਬੈਰੀਕੇਡਾਂ ਨੂੰ ਇਕ ਪਾਸੇ ਕਰ ਦਿੱਤਾ।’

ਉਨ੍ਹਾਂ ਨੇ ਕਿਹਾ,”ਪ੍ਰਦਰਸ਼ਨਕਾਰੀ ਧਰਨਾ ਸਥਾਨ ‘ਤੇ ਪਹੁੰਚ ਗਏ ਹਨ ਅਤੇ ਬੈਠਕ ਸ਼ਾਂਤੀਪੂਰਵਕ ਚੱਲ ਰਹੀ ਹੈ।” ਪੁਲਿਸ ਦਾ ਕਹਿਣਾ ਹੈ ਕਿ ਪ੍ਰਦਰਸ਼ਨਕਾਰੀਆਂ ਨਾਲ ਕੋਈ ਝੜੱਪ ਨਹੀਂ ਹੋਈ ਅਤੇ ਸਥਾਨ ‘ਤੇ ਪੁਲਸ ਪ੍ਰਦਰਸ਼ਨਕਾਰੀਆਂ ਨੂੰ ਸਹੂਲਤ ਪ੍ਰਦਾਨ ਕਰਨ ਅਤੇ ਸ਼ਾਂਤੀਪੂਰਨ ਸਭਾ ਯਕੀਨੀ ਕਰਨ ਦਾ ਕੰਮ ਕਰ ਰਹੀ ਹੈ।

ਇਸਦੇ ਨਾਲ ਹੀ ਦਿੱਲੀ ਪੁਲਿਸ ਨੇ ਅਪੀਲ ਕੀਤੀ ਹੈ ਕਿ ਉਹ ਫਰਜ਼ੀ ਖ਼ਬਰਾਂ ‘ਤੇ ਭਰੋਸਾ ਨਾ ਕਰਨ। ਜੰਤਰ-ਮੰਤਰ ‘ਤੇ ਪ੍ਰਦਰਸ਼ਨਕਾਰੀਆਂ ਨੂੰ ਸਹੂਲਤ ਦਿੱਤੀ ਜਾ ਰਹੀ ਹੈ। ਸੁਰੱਖਿਆ ਯਕੀਨੀ ਕਰਨ ਲਈ ਡੀ.ਐੱਫ.ਐੱਮ.ਡੀ. ਦੇ ਮਾਧਿਅਮ ਨਾਲ ਪ੍ਰਵੇਸ਼ ਨੂੰ ਨਿਯਮਿਤ ਕੀਤਾ ਜਾ ਰਿਹਾ ਹੈ। ਕ੍ਰਿਪਾ ਸ਼ਾਂਤੀਪੂਰਨ ਰਹਿਣ ਅਤੇ ਕਾਨੂੰਨ ਦੀ ਪਾਲਣਾ ਕਰਨ।” ਪਹਿਲਵਾਨ 23 ਅਪ੍ਰੈਲ ਤੋਂ ਜੰਤਰ-ਮੰਤਰ ‘ਤੇ ਧਰਨੇ ‘ਤੇ ਬੈਠੇ ਹਨ ਅਤੇ ਭਾਰਤੀ ਕੁਸ਼ਤੀ ਮਹਾਸੰਘ ਦੇ ਮੁਖੀ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਦੋਸ਼ਾਂ ‘ਤੇ ਕਾਰਵਾਈ ਦੀ ਮੰਗ ਕਰ ਰਹੇ ਹਨ। ਪ੍ਰਦਰਸ਼ਨਕਾਰੀ ਪਹਿਲਵਾਨਾਂ (Wrestlers) ਨਾਲ ਇਕਜੁਟਤਾ ਜ਼ਾਹਰ ਕਰਨ ਲਈ ਵੱਡੀ ਗਿਣਤੀ ‘ਚ ਕਿਸਾਨ ਧਰਨਾ ਸਥਾਨ ‘ਤੇ ਇਕੱਠੇ ਹੋਏ ਹਨ।

Scroll to Top