ਸੰਤ ਬਲਬੀਰ ਸਿੰਘ ਸੀਚੇਵਾਲ

ਕਿਸਾਨਾਂ ਦੇ ਘਰ, ਖੇਤ ਤੇ ਜ਼ਿੰਦਗੀਆਂ ਪਾਣੀ ‘ਚ ਹਨ, ਸੰਕਟ ਅਜੇ ਵੀ ਟਲਿਆ ਨਹੀਂ: ਸੰਤ ਬਲਬੀਰ ਸਿੰਘ ਸੀਚੇਵਾਲ

ਪੰਜਾਬ, 09 ਸਤੰਬਰ 2025: ਰਾਜ ਸਾਭ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਹੜ੍ਹਾਂ ਦੌਰਾਨ ਜਦੋਂ ਦੇਸ਼ ਦਾ ਢਿੱਡ ਭਰਨ ਵਾਲਾ ਅੰਨਦਾਤਾ ਖੁਦ ਅੰਨ ਲਈ ਤਰਸ ਰਿਹਾ ਹੁੰਦਾ ਹੈ ਅਤੇ ਇਹ ਮੰਜ਼ਰ ਅਸਹਿ ਹੈ। ਮੰਡ ਦੇ ਕਿਸਾਨਾਂ ਦੇ ਘਰ, ਖੇਤ ਅਤੇ ਜ਼ਿੰਦਗੀਆਂ ਪਾਣੀ ‘ਚ ਹਨ। ਇਹ ਮੰਜ਼ਰ ਜਿਸ ‘ਚੋਂ ਸਾਰਾ ਪੰਜਾਬ ਲੰਘ ਰਿਹਾ ਹੈ ਅਤੇ ਪੰਜਾਬ ਨੇ ਇਕਜੁੱਟ ਹੋ ਕੇ ਇਸ ਔਖੀ ਘੜੀ ਨੂੰ ਪਾਰ ਕੀਤਾ ਹੈ ਪਰ ਸੰਕਟ ਅਜੇ ਵੀ ਟਲਿਆ ਨਹੀਂ ਹੈ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਇਹ ਸਮਾਂ ‘ਸਰਬੱਤ ਦਾ ਭਲਾ’ ਮੰਗਣ ਦਾ ਨਹੀਂ, ਸਗੋਂ ਸਰਬੱਤ ਦਾ ਭਲਾ ਕਰਨ ਦਾ ਹੈ |

ਉਨ੍ਹਾਂ ਕਿਹਾ ਕਿ ਬਾਊਪੁਰ ਮੰਡ ‘ਚ ਹੜ੍ਹ ਆਇਆ ਨੂੰ 29ਵਾਂ ਦਿਨ ਹੈ। ਪਰ ਮੰਡ ਇਲਾਕੇ ‘ਚ ਬਿਆਸ ਦਰਿਆ ਦਾ ਕਹਿਰ ਘੱਟ ਨਹੀਂ ਰਿਹਾ। ਇਸ ਵੇਲੇ, ਬਿਆਸ ਦਰਿਆ ‘ਤੇ ਸਥਿਤ ਇੱਕ ਟਾਪੂ, ਮੰਡ ਦੇ 46 ਪਿੰਡ ਪ੍ਰਭਾਵਿਤ ਹਨ। ਇੱਥੇ ਲਗਭਗ 15,000 ਏਕੜ ਪਾਣੀ ਦੇ ਹੇਠਾਂ ਹੈ। ਦਰਿਆ ਦੇ ਬਦਲੇ ਵਹਿਣ ਨੇ ਘਰਾਂ ਨੂੰ ਢਾਅ ਲਾਉਣੀ ਸ਼ੁਰੂ ਕਰ ਦਿੱਤੀ ਹੈ। ਜਿਸ ਕਾਰਨ ਲੋਕ ਘਰ ਛੱਡਣ ਨੂੰ ਮਜਬੂਰ ਹਨ। ਪੀੜਤ ਲੋਕਾਂ ਦਾ ਸਾਥ ਦੇਣ ਲਈ ਸੰਗਤ ਡੱਟ ਕੇ ਉਨ੍ਹਾਂ ਦਾ ਸਾਥ ਦੇ ਰਹੀ ਹੈ ਅਤੇ ਬਹੁਤ ਸਾਰੇ ਪਰਿਵਾਰਾਂ ਨੂੰ ਓਥੋਂ ਦੂਰ ਵੀ ਭੇਜਿਆ ਜਾ ਚੁੱਕਿਆ ਹੈ ਤਾਂ ਜੋ ਉਨ੍ਹਾਂ ਦੀ ਜਾਨ ਬਚਾਈ ਜਾ ਸਕੇ।

ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਉਨ੍ਹਾਂ ਦੀ ਟੀਮ ਨੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ 3 ਦਿਨ ਤੇ 3 ਰਾਤਾਂ ਦੀ ਸਖ਼ਤ ਮਿਹਨਤ ਨਾਲ ਇੱਕ ਵਿਸ਼ਾਲ ਬੇੜਾ ਤਿਆਰ ਕੀਤਾ। ਇਹ ਬੇੜਾ ਵੱਡੀ ਗਿਣਤੀ ‘ਚ ਪਸ਼ੂਆਂ ਤੇ ਭਾਰੀ ਮਸ਼ੀਨਰੀ ਨੂੰ ਵੀ ਸੁਰੱਖਿਅਤ ਥਾਵਾਂ ਤੇ ਲੈ ਕੇ ਜਾਣ ਦੇ ਸਮਰੱਥ ਹੈ ਜੇਕਰ ਗੱਲ ਕਰੀਏ ਮਸ਼ੀਨਰੀ ਦੀ ਤਾਂ ਇਹ ਲੱਖਾਂ ਦੀ ਹੁੰਦੀ ਹੈ ਅਤੇ ਇਸਦਾ ਖਰਾਬ ਹੋ ਜਾਣਾ ਕਿਸਾਨਾਂ ਦੀ ਪੂੰਜੀ ਦਾ ਵੀ ਭਾਰੀ ਨੁਕਸਾਨ ਹੈ ਅਤੇ ਕਿਸਾਨ ਤਾਂ ਪਹਿਲਾਂ ਹੀ ਹੜ੍ਹਾਂ ਦੀ ਮਾਰ ਝੇਲ ਰਹੇ ਹਨ ਤਾਂ ਇਸ ਸਮੱਸਿਆ ਨੂੰ ਵੇਖਦਿਆਂ ਸੰਤ ਸੀਚੇਵਾਲ ਦੇ ਇਸ ਬੇੜੇ ਨੇ ਬਹੁਤੇ ਸਮਾਨ ਨੂੰ ਸੁਰੱਖਿਅਤ ਥਾਂ ਤੇ ਪਹੁੰਚਾਂ ਬਹੁਤ ਲੋਕਾਂ ਦੇ ਦਿਲਾਂ ਦਾ ਭਾਰ ਘਟਾਇਆ ਹੈ ਅਤੇ ਉਨ੍ਹਾਂ ਨੂੰ ਸਹਾਰਾ ਦਿੱਤਾ ਹੈ।

ਸਿਰਫ਼ ਇਹੀ ਨਹੀਂ ਸੰਤ ਸੀਚੇਵਾਲ ਅਤੇ ਉਹਨਾਂ ਦੀ ਟੀਮ ਰੋਜ਼ਾਨਾ 10 ਘੰਟੇ ਕਿਸ਼ਤੀ ਰਾਹੀਂ ਪ੍ਰਸ਼ਾਦਾ ਪਾਣੀ ਤੇ ਦਵਾਈਆਂ ਸਮੇਤ ਹੋਰ ਲੋੜੀਂਦਾ ਸਾਮਾਨ ਪਾਣੀ ‘ਚ ਘਿਰੇ ਹੋਏ ਲੋਕਾਂ ਤੱਕ ਪਹੁੰਚਦਾ ਕਰਵਾ ਰਹੇ ਹਨ।

ਸੰਤ ਬਲਬੀਰ ਸਿੰਘ ਸੀਚੇਵਾਲ

ਜਦੋਂ ਜ਼ਿਆਦਾਤਰ ਸਿਆਸਤਦਾਨਾਂ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਅਸਥਾਈ ਦੌਰਾ ਕੀਤਾ, ਉੱਥੇ ਹੀ ਸੰਤ ਬਾਬਾ ਸੀਚੇਵਾਲ ਆਫ਼ਤ ਆਉਣ ਤੋਂ ਬਾਅਦ ਉਸ ਜਗ੍ਹਾ ਤੋਂ ਕੀਤੇ ਨਹੀਂ ਗਏ। ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪਿਛਲੇ ਤਿੰਨ ਹਫ਼ਤਿਆਂ ਤੋਂ ਮੰਡ ਹੜ੍ਹ ਰਾਹਤ ਨੂੰ ਆਪਣਾ ਟੀਚਾ ਬਣਾਇਆ ਹੋਇਆ ਹੈ | ਜਿਸ ‘ਚ ਪਿੰਡ ਵਾਸੀਆਂ ‘ਚ ਰਹਿਣਾ, ਪਰਿਵਾਰਾਂ ਨੂੰ ਬਚਾਉਣਾ ਅਤੇ ਰਾਹਤ ਸਮੱਗਰੀ ਮੁਹੱਈਆ ਕਰਵਾਉਣਾ ਅਤੇ ਅਣਥੱਕ ਮਿਹਨਤ ਕਰਨਾ ਸ਼ਾਮਲ ਹੈ। ਉਨ੍ਹਾਂ ਹਰ ਸੰਭਵ ਕੋਸ਼ਿਸ਼ ਕੀਤੀ ਹੈ ਜਿਸ ਨਾਲ ਉਹ ਅਜਿਹੀ ਸਥਿਤੀ ‘ਚ ਲੋਕਾਂ ਦੇ ਮੋਢੇ ਨਾਲ ਮੋਢਾ ਜੋੜ ਖੜੇ ਨਜ਼ਰ ਆਉਂਦੇ ਹਨ।

ਪਿਛਲੇ ਤਿੰਨ ਹਫ਼ਤਿਆਂ ਤੋਂ ਹਰ ਸਵੇਰੇ ਲਗਭਗ 8.30 ਵਜੇ ਤੋਂ ਲੈ ਕੇ ਸ਼ਾਮ 6 ਜਾਂ 7 ਵਜੇ ਤੱਕ ਸੰਤ ਸੀਚੇਵਾਲ ਪਾਣੀ ‘ਚ ਹੀ ਲੋਕਾਂ ਲਈ ਉਤਰੇ ਰਹਿੰਦੇ ਉਹ ਆਪ ਫਸੇ ਹੋਏ ਪਰਿਵਾਰਾਂ ਨੂੰ ਲੈ ਜਾਂਦੇ, ਬੱਚਿਆਂ ਨੂੰ ਆਪਣੀ ਗੋਦ ‘ਚ ਚੁੱਕਦੇ ਅਤੇ ਪਰਿਵਾਰਾਂ ਨੂੰ ਉਹ ਸਭ ਕੁਝ ਲੱਦਣ ‘ਚ ਮੱਦਦ ਕਰਦੇ ਜਿਸ ਨੂੰ ਉਹ ਬਚਾ ਸਕਦੇ ਹਨ ਅਤੇ ਇੱਥੋਂ ਤੱਕ ਕਿ ਉਹਨਾਂ ਨੇ ਪਸ਼ੂਆਂ ਨੂੰ ਵੀ ਬਚਾਇਆ।

ਉਨ੍ਹਾਂ ਕਿਹਾ ਕਿ ਹਰ ਰੋਜ਼ ਦਰਜਨਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਲਿਆਂਦਾ ਜਾਂਦਾ ਸੀ। ਅਗਸਤ ਦੇ ਅੰਤ ਤੱਕ ਉਨ੍ਹਾਂ ਵੱਲੋਂ ਲਗਭੱਗ 300 ਜਾਨਵਰਾਂ ਨੂੰ ਬਚਾਇਆ। ਸੰਤ ਸੀਚੇਵਾਲ ਨੇ 22 ਅਗਸਤ ਨੂੰ ਇੰਗਲੈਂਡ ਦੀ ਆਪਣੀ ਨਿਰਧਾਰਤ ਯਾਤਰਾ ਰੱਦ ਕਰ ਦਿੱਤੀ, ਇਸ ਦੀ ਬਜਾਏ ਬਚਾਅ ਕਾਰਜ ਜਾਰੀ ਰੱਖਣ ਦਾ ਫੈਸਲਾ ਕੀਤਾ। “ਮੈਂ ਅਜਿਹੇ ਸਮੇਂ ‘ਚ ਆਪਣੇ ਲੋਕਾਂ ਨੂੰ ਛੱਡ ਨਹੀਂ ਸਕਦਾ,” ਉਨ੍ਹਾਂ ਦੇ ਯਤਨਾਂ ਨੂੰ ਦੇਖਣ ਤੋਂ ਬਾਅਦ, ਕਈ ਹੋਰ ਸਿਆਸਤਦਾਨਾਂ ਨੇ ਵੀ ਮੰਡ ਖੇਤਰ ਦਾ ਦੌਰਾ ਕੀਤਾ। ਸਾਬਕਾ ਕ੍ਰਿਕਟਰ ਅਤੇ ਸਾਥੀ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ 18 ਅਗਸਤ ਨੂੰ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕੀਤਾ। ਹੜ੍ਹਾਂ ਤੋਂ 20 ਅਗਸਤ – 10 ਦਿਨਾਂ ਬਾਅਦ ਹੀ – ਪੰਜਾਬ ਦੇ ਜਲ ਸਰੋਤ ਮੰਤਰੀ ਨੇ ਮੰਡ ਦਾ ਦੌਰਾ ਕੀਤਾ।

ਮੁੱਖ ਮੰਤਰੀ ਭਗਵੰਤ ਮਾਨ 22 ਅਗਸਤ ਨੂੰ ਆਏ ਸਨ, ਹਾਲਾਂਕਿ, ਸੀਚੇਵਾਲ ਲਗਾਤਾਰ ਉੱਥੇ ਮੌਜੂਦ ਰਹੇ। ਉਹ ਲੋਕਾਂ ਨਾਲ ਅਜੇ ਵੀ ਡਟੇ ਹੋਏ ਹਨ ਅਤੇ ਉਨ੍ਹਾਂ ਦਾ ਪੂਰਾ ਸਾਥ ਦੇ ਰਹੇ ਹਨ ਅਤੇ ਓਥੋਂ ਦੇ ਲੋਕਾਂ ਨੂੰ ਇਸ ਗੱਲ ਦਾ ਪੂਰਾ ਅਹਿਸਾਸ ਹੈ। ਜਦੋਂ ਸਾਡੇ ਖੇਤ ਪਾਣੀ ‘ਚ ਚਲੇ ਗਏ, ਤਾਂ ਅਸੀਂ ਸੋਚਿਆ ਕਿ ਸਭ ਕੁਝ ਖਤਮ ਹੋ ਗਿਆ ਹੈ,” ਕਿਸਾਨ ਨਿਰਮਲ ਸਿੰਘ ਨੇ ਆਪਣੀ ਡੁੱਬੀ ਹੋਈ ਝੋਨੇ ਦੀ ਫਸਲ ਨੂੰ ਵੇਖਦੇ ਹੋਏ ਕਿਹਾ, “ਪਰ ਜਦੋਂ ਬਾਬਾ ਸੀਚੇਵਾਲ ਹਰ ਸਵੇਰ ਆਪਣੀ ਕਿਸ਼ਤੀ ‘ਵਿੱਚ ਆਉਂਦੇ ਸਨ, ਤਾਂ ਸਾਨੂੰ ਮਹਿਸੂਸ ਹੋਇਆ ਕਿ ਅਸੀਂ ਇਕੱਲੇ ਨਹੀਂ ਹਾਂ। ਅਜਿਹੀ ਔਖੀ ਘੜੀ ‘ਵਿਚ ਜੇਕਰ ਲੋਕ ਇਹ ਕਹਿ ਰਹੇ ਹਨ ਤਾਂ ਇਹ ਆਪਣੇ ਆਪ ‘ਚ ਸੰਤ ਸੀਚੇਵਾਲ ਦੇ ਨੇਕੀ ਭਰੇ ਕੰਮਾਂ ਦੀ ਗਵਾਹੀ ਹੈ ਅਤੇ ਦਰਸਾਉਂਦਾ ਹੈ ਕਿ ਉਹ ਇਸ ਔਖੀ ਘੜੀ ‘ਚ ਲੋਕਾਂ ਦੇ ਨਾਲ ਹਨ।

Read More: ਹੜ੍ਹ ਪ੍ਰਭਾਵਿਤ ਲੋਕਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ ਭਾਰਤ ਸਰਕਾਰ: PM ਮੋਦੀ

ਵਿਦੇਸ਼

Scroll to Top