ਚੰਡੀਗੜ੍ਹ, 25 ਅਕਤੂਬਰ 2024: ਪੰਜਾਬ ਝੋਨੇ ਦੀ ਲਿਫਟਿੰਗ ਦਾ ਮੁੱਦਾ ਭਖਿਆ ਹੋਇਆ ਹੈ |ਕਿਸਾਨ ਝੋਨੇ ਦੀ ਢਿੱਲੀ ਖਰੀਦ ਨੂੰ ਲੈ ਕੇ ਸੜਕਾਂ ‘ਤੇ ਉੱਤਰ ਆਏ ਹਨ | ਕਿਸਾਨਾਂ (Farmers) ਨੇ ਅੱਜ ਪੰਜਾਬ ਭਰ ‘ਚ ਮੁੱਖ ਸੜਕਾਂ ਜਾਮ ਕੀਤੀਆਂ ਹਨ |
ਕਿਸਾਨਾਂ ਨੇ ਲੁਧਿਆਣਾ ਦੇ ਕੋਹਾੜਾ ਚੌਕ, ਅਬੋਹਰ ਅਨਾਜ ਮੰਡੀ, ਅੰਬਾਲਾ-ਚੰਡੀਗੜ੍ਹ ਹਾਈਵੇ, ਹੁਸ਼ਿਆਰਪੁਰ, ਅੰਮ੍ਰਿਤਸਰ ਏਅਰਪੋਰਟ ਰੋਡ, ਫਰੀਦਕੋਟ ਰੋਡ ਭਦੌੜ, ਬਰਨਾਲਾ ਅਤੇ ਜਲੰਧਰ ‘ਚ ਚੰਡੀਗੜ੍ਹ-ਅੰਬਾਲਾ ਰੋਡ ਨੂੰ ਜਾਮ ਕਰ ਦਿੱਤਾ ਹੈ | ਕਈ ਥਾਵਾਂ ‘ਤੇ ਯਾਤਰੀ ਪੈਦਲ ਹੀ ਜਾਂਦੇ ਨਜ਼ਰ ਆਏ | ਆਉਣ-ਜਾਣ ਵਾਲੇ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ |
ਕਿਸਾਨਾਂ ਦਾ ਕਹਿਣਾ ਹੈ ਕਿ ਵਾਰ-ਵਾਰ ਮੰਗ ਕਰਨ ਦੇ ਬਾਵਜੂਦ ਝੋਨੇ ਦੀ ਖਰੀਦ ਦੇ ਕੰਮ ‘ਚ ਕੋਈ ਸੁਧਾਰ ਨਹੀਂ ਹੋਇਆ। ਜਾਣਕਾਰੀ ਮੁਤਾਬਕ ਸੰਯੁਕਤ ਕਿਸਾਨ ਮੋਰਚਾ ਨੇ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ 4 ਘੰਟੇ ਲਈ ਸੂਬੇ ਭਰ ਦੀਆਂ ਮੰਡੀਆਂ ਦੇ ਆਲੇ-ਦੁਆਲੇ ਮੁੱਖ ਸੜਕਾਂ ਜਾਮ ਕਰ ਰਹੇ ਹਨ।
ਇਸਦੇ ਨਾਲ ਹੀ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਝੋਨੇ ਦੀ ਨਿਰਵਿਘਨ ਖਰੀਦ ਨੂੰ ਯਕੀਨੀ ਬਣਾਉਣ ‘ਚ ਅਸਫਲ ਰਹੀ ਤਾਂ ਵੱਡਾ ਫੈਸਲਾ ਲਿਆ ਜਾਵੇਗਾ। ਕਿਸਾਨ ਆਗੂ ਕਸ਼ਮੀਰ ਸਿੰਘ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਖ਼ਿਲਾਫ਼ ਲਿਆਂਦੇ 3 ਕਾਲੇ ਕਾਨੂੰਨ ਵਾਪਸ ਲੈ ਕੇ ਉਨ੍ਹਾਂ ਦਾ ਗੁੱਸਾ ਕੱਢ ਰਹੀ ਹੈ। ਕਿਸਾਨਾਂ (Farmers) ਦੀਆਂ ਫਸਲਾਂ ਖੇਤਾਂ ਵਿੱਚ ਪਈਆਂ ਹਨ ਅਤੇ ਝੋਨੇ ਦੀ ਲਿਫਟਿੰਗ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਹੈ।