July 5, 2024 1:05 am
Senior Citizen Voters

ਝੋਨੇ ਦੀ ਸਿੱਧੀ ਬਿਜਾਈ ਨੂੰ ਕਿਸਾਨ ਦੇਣ ਤਰਜੀਹ, ਪਨੀਰੀ ਵਾਲੇ ਝੋਨੇ ਦੀ ਲਵਾਈ 11 ਜੂਨ ਤੋਂ ਬਾਅਦ ਕਰਨ

ਫਾਜ਼ਿਲਕਾ, 16 ਮਈ 2024: ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਆਈਏਐਸ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਝੋਨੇ (Paddy) ਦੀ ਸਿੱਧੀ ਬਿਜਾਈ ਕਰਨ ਨੂੰ ਤਰਜੀਹ ਦੇਣ ਅਤੇ ਇਸ ਤਰੀਕੇ ਨਾਲ ਬਿਜਾਈ ਕਰਨ ਨਾਲ ਜਿੱਥੇ ਕਿਸਾਨਾਂ ਦੇ ਖਰਚੇ ਘੱਟਦੇ ਹਨ ਉਥੇ ਹੀ ਇਸ ਨਾਲ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੁੰਦੀ ਹੈ।

ਉਨ੍ਹਾਂ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਅਨੁਸਾਰ ਭਾਰੀਆਂ ਜਮੀਨਾਂ ਵਿਚ ਝੋਨੇ ਦੀ ਸਿੱਧੀ ਬਿਜਾਈ ਸਫਲਤਾ ਨਾਲ ਕੀਤੀ ਜਾ ਸਕਦੀ ਹੈ ਅਤੇ ਪਿਛਲੇ ਸਾਲਾਂ ਵਿਚ ਕਿਸਾਨਾਂ ਦੇ ਇਸ ਸਬੰਧੀ ਤਜਰਬੇ ਵੀ ਸਫਲ ਰਹੇ ਹਨ। ਇਸ ਲਈ ਕਿਸਾਨ ਇਸ ਵਿਧੀ ਦੀ ਵਰਤੋਂ ਕਰਨ। ਇਸ ਨਾਲ ਧਰਤੀ ਦੇ ਥੱਲੇ ਜਾਂਦੇ ਪਾਣੀ ਨੂੰ ਠੱਲ੍ਹ ਪਾਈ ਜਾ ਸਕਦੀ ਹੈ।

ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਉਹ ਝੋਨੇ (Paddy) ਦੀਆਂ ਘੱਟ ਸਮੇਂ ਵਿਚ ਪੱਕਣ ਵਾਲੀਆਂ ਯੁਨੀਵਰਸਿਟੀ ਤੋਂ ਮਾਨਤਾ ਪ੍ਰਾਪਤ ਕਿਸਮਾਂ ਦੀ ਹੀ ਬਿਜਾਈ ਕਰਨ। ਬੀਜ ਦੀ ਖਰੀਦ ਸਮੇਂ ਪੱਕਾ ਬਿੱਲ ਜਰੂਰ ਲੈਣ। ਉਨ੍ਹਾਂ ਨੇ ਕਿਹਾ ਕਿ ਘੱਟ ਸਮੇਂ ਵਿਚ ਪੱਕਣ ਵਾਲੀ ਫਸਲ ਦੀ ਬਿਜਾਈ ਨਾਲ ਵੀ ਕਿਸਾਨਾਂ ਦੇ ਖਰਚੇ ਘੱਟ ਹੁੰਦੇ ਹਨ ਅਤੇ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੁੰਦੀ ਹੈ ਅਤੇ ਬਿਜਲੀ ਦੀ ਵੀ ਬਚਤ ਹੁੰਦੀ ਹੈ।

ਦੂਜੇ ਪਾਸੇ ਖੇਤੀ ਅਫ਼ਸਰ ਡਾ: ਮਮਤਾ ਨੇ ਦੱਸਿਆ ਕਿ ਜਿ਼ਲ੍ਹੇ ਵਿਚ ਝੋਨੇ ਦੀ ਪਨੀਰੀ ਨਾਲ ਲਵਾਈ 11 ਜੂਨ 2024 ਤੋਂ ਪਹਿਲਾਂ ਨਹੀਂ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ 11 ਜੂਨ ਤੋਂ ਪਹਿਲਾਂ ਕੋਈ ਵੀ ਕਿਸਾਨ ਪਨੀਰੀ ਵਾਲਾ ਝੋਨਾ ਨਾ ਲਗਾਵੇ। ਫਿਲਹਾਲ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਕਰ ਸਕਦੇ ਹਨ।