ਸ੍ਰੀ ਮੁਕਤਸਰ ਸਾਹਿਬ, 26 ਅਪ੍ਰੈਲ 2024: ਪੰਜਾਬ ਸਰਕਾਰ ਵੱਲੋਂ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੋਕਣ ਲਈ ਅਨੇਕਾਂ ਉਪਰਾਲੇ ਕੀਤੇ ਜਾ ਰਹੇ ਹਨ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਮੁੱਖ ਖੇਤੀਬਾੜੀ ਅਫ਼ਸਰ, ਸ੍ਰੀ ਮੁਕਤਸਰ ਸਾਹਿਬ, ਗੁਰਨਾਮ ਸਿੰਘ ਨੇ ਦੱਸਿਆ ਕਿ ਕਿਸਾਨ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵੱਲੋਂ ਸਿਫ਼ਰਸ਼ ਕੀਤੀਆਂ ਝੋਨੇ ਦੀਆਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਕਾਸ਼ਤ ਕਰਕੇ, ਘੱਟ ਖਰਚਾ ਕਰਕੇ, ਵੱਧ ਝਾੜ ਲੈ ਸਕਦੇ ਹਨ। ਇਸ ਤੋਂ ਇਲਾਵਾ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਦਾ ਪਰਾਲੀ ਪ੍ਰਬੰਧਨ ਵੀ ਸੌਖਾ ਹੈ।
ਉਨ੍ਹਾਂ ਕਿਹਾ ਕਿ ਪੀ.ਏ.ਯੂ. ਲੁਧਿਆਣਾ ਵੱਲੋਂ ਸਿਫਾਰਸ਼ ਕੀਤੀਆਂ ਪੀ.ਆਰ-126 ਅਤੇ ਪੀ.ਆਰ.-131 ਕਿਸਾਨਾਂ ਲਈ ਮੁੱਖ ਆਕਰਸ਼ਨ ਹਨ। ਇਹ ਬੀਜਣ ਤੋਂ ਬਾਅਦ ਕ੍ਰਮਵਾਰ 93 ਅਤੇ 110 ਦਿਨਾਂ ਵਿੱਚ ਪੱਕ ਜਾਂਦੀਆਂ ਹਨ। ਘੱਟ ਸਮੇਂ ਵਿੱਚ ਪੱਕਣ ਕਰਕੇ ਇਹ ਕਿਸਮਾਂ ਕੀੜੇ ਮਕੌੜੇ, ਬਿਮਾਰੀਆਂ ਅਤੇ ਮੌਸਮੀ ਤਬਦੀਲੀਆਂ ਆਦਿ ਦੇ ਅਸਰ ਤੋਂ ਵੀ ਬਚ ਜਾਂਦੀਆਂ ਹਨ। ਇਨ੍ਹਾਂ ਕਿਸਮਾਂ ਦੀ ਪਰਾਲੀ ਘੱਟ ਹੋਣ ਕਾਰਨ ਇਸ ਉਪਰੰਤ ਹਾੜ੍ਹੀ ਦੀਆਂ ਫਸਲਾਂ ਦੀ ਬਿਜਾਈ ਵੀ ਸੌਖੀ ਅਤੇ ਸਮੇਂ ਸਿਰ ਹੋ ਜਾਂਦੀ ਹੈ ਅਤੇ ਇਸ ਲਈ ਕਣਕ ਵਿੱਚ ਨਦੀਨਾਂ ਦੀ ਸਮੱਸਿਆ ਵੀ ਘੱਟ ਹੁੰਦੀ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਲੰਬੀ ਮਿਆਦ ਵਾਲੀਆਂ ਕਿਸਮਾਂ (ਪੂਸਾ-44, ਪੀਲੀ ਪੂਸਾ, ਡੋਗਰ ਪੂਸਾ ਆਦਿ) ਦੀ ਕਾਸ਼ਤ ਨਾ ਕਰਨ ਦੀ ਸਿਫਾਰਸ਼ ਕੀਤੀ ਹੈ। ਕਿਉਂਕਿ ਇਹ ਕਿਸਮਾਂ ਸਿਫਾਰਸ਼ਸ਼ੁਦਾ ਕਿਸਮਾਂ ਨਾਲੋਂ ਲਗਭਗ 3 ਤੋਂ 4 ਹਫਤੇ ਵੱਧ ਸਮਾਂ ਅਤੇ 15 ਤੋਂ 20 ਪ੍ਰਤੀਸ਼ਤ ਪਾਣੀ ਵੱਧ ਲੈਂਦੀਆਂ ਹਨ। ਇਨ੍ਹਾਂ ਉੱਪਰ ਬਿਮਾਰੀਆਂ ਅਤੇ ਕੀੜੇ ਮਕੌੜਿਆਂ ਦਾ ਹਮਲਾ ਵੱਧ ਹੁੰਦਾ ਹੈ ਅਤੇ ਇਨ੍ਹਾਂ ਦੇ ਪਰਾਲੀ ਪ੍ਰਬੰਧਨ ਸਮੇਂ ਵੀ ਮੁਸ਼ਕਿਲਾਂ ਆਉਂਦੀਆਂ ਹਨ।
ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਲੰਮਾ ਸਮਾਂ ਲੈਣ ਵਾਲੀਆਂ ਕਿਸਮਾਂ ਦੀ ਕਾਸ਼ਤ ਨਾ ਕੀਤੀ ਜਾਵੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਪੀ.ਆਰ-126 ਅਤੇ ਪੀ.ਆਰ-131 ਕਿਸਮ ਬਾਰੇ ਅਫਵਾਹਾਂ ਵੱਲ ਕਿਸੇ ਤਰ੍ਹਾਂ ਦਾ ਕੋਈ ਧਿਆਨ ਨਾ ਦਿੱਤਾ ਜਾਵੇ। ਇਹ ਵੀ ਕਿਹਾ ਕਿ ਕਿਸਾਨ ਕਿਸੇ ਕਿਸਮ ਦੇ ਰਿਸਕ ਨੂੰ ਕਵਰ ਕਰਨ ਲਈ ਆਪਣੇ ਖੇਤਾਂ ਵਿੱਚ ਇੱਕ ਤੋਂ ਵੱਧ ਕਿਸਮਾਂ ਦੀ ਬਿਜਾਈ ਕਰਨ।