July 2, 2024 9:30 pm
ਕਿਸਾਨ

ਕਿਸਾਨ ਆਪਣੇ ਫ਼ੋਨ ‘ਚ 7380016070 ਨੰਬਰ ਸੇਵ ਕਰਕੇ ਵਟਸ ਐਪ ‘ਚ ਐਸ.ਐਸ.ਏ ਲਿਖ ਕੇ ਲੈਣ ਮਸ਼ੀਨਰੀ ਦੀ ਜਾਣਕਾਰੀ: DC ਸਾਕਸ਼ੀ ਸਾਹਨੀ

ਪਟਿਆਲਾ, 05 ਅਕਤੂਬਰ 2023: ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ‘ਤੇ ਪਰਾਲੀ ਪ੍ਰਬੰਧਨ ਲਈ ਨਵੀਂ ਪਹਿਲਕਦਮੀ ਕਰਦਿਆਂ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਕਰਨ ਵਾਲੀ ਮਸ਼ੀਨਰੀ ਸਬੰਧੀ ਜਾਣਕਾਰੀ ਦੇਣ ਲਈ ਵਟਸ ਐਪ ਚੈਟ ਬੋਟ ਤਿਆਰ ਕੀਤਾ ਹੈ। ਬੀਤੇ ਦਿਨ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਵਟਸ ਐਪ ਚੈਟ ਬੋਟ ਦਾ ਨੰਬਰ 7380016070 ਜਾਰੀ ਕਰਦਿਆਂ ਕਿਸਾਨਾਂ ਨੂੰ ਚੈਟ ਬੋਟ ਦੀ ਵਰਤੋਂ ਕਰਕੇ ਅੰਗਰੇਜ਼ੀ ਵਿੱਚ ਐਸ.ਐਸ.ਏ ਟਾਈਪ ਕਰਕੇ ਉਪਲਬੱਧ ਮਸ਼ੀਨਰੀ ਨਾਲ ਪਰਾਲੀ ਦਾ ਇਨ ਸੀਟੂ ਅਤੇ ਐਕਸ ਸੀਟੂ ਤਕਨੀਕਾਂ ਨਾਲ ਨਿਪਟਾਰਾ ਕਰਨ ਦੀ ਅਪੀਲ ਕੀਤੀ।

ਸਾਕਸ਼ੀ ਸਾਹਨੀ ਨੇ ਕਿਹਾ ਕਿ ਜਦ ਅਸੀਂ ਪਰਾਲੀ ਪ੍ਰਬੰਧਨ ਕਰਨ ਲਈ ਵੱਖ ਵੱਖ ਤਕਨੀਕਾਂ ਬਾਰੇ ਵਿਚਾਰ ਕਰ ਰਹੇ ਸੀ ਤਾਂ ਉਸ ਸਮੇਂ ਕਿਸਾਨਾਂ ਤੱਕ ਉਪਲਬੱਧ ਮਸ਼ੀਨਰੀ ਸਬੰਧੀ ਸਹੀ ਜਾਣਕਾਰੀ ਪਹੁੰਚਾਉਣਾ ਇੱਕ ਵੱਡੀ ਚੁਨੌਤੀ ਸੀ, ਜਿਸ ਦਾ ਹੱਲ ਵਟਸ ਐਪ ਚੈਟ ਬੋਟ ਰਾਹੀਂ ਕੱਢਿਆ ਗਿਆ, ਕਿਉਂਕਿ ਵਟਸ ਐਪ ਦੀ ਵਰਤੋਂ ਬਹੁ ਗਿਣਤੀ ਲੋਕਾਂ ਵੱਲੋਂ ਕੀਤੀ ਜਾਂਦੀ ਹੈ ਤੇ ਤਕਰੀਬਨ ਹਰੇਕ ਵਿਅਕਤੀ ਜਾ ਪਰਿਵਾਰ ਕੋਲ ਵਟਸ ਐਪ ਦੀ ਸਹੂਲਤ ਉਪਲਬੱਧ ਹੈ ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਚੈਟ ਬੋਟ ਤਿਆਰ ਕਰਨ ਦਾ ਫੈਸਲਾ ਕੀਤਾ ਜੋ ਹੁਣ ਕਿਸਾਨਾਂ ਨੂੰ ਸਮਰਪਿਤ ਕਰ ਦਿੱਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਚੈਟ ਬੋਟ ‘ਤੇ ਐਸ.ਐਸ.ਏ. (ਸਤਿ ਸ੍ਰੀ ਅਕਾਲ) ਲਿਖਣ ਤੋਂ ਬਾਅਦ ਆਪਣਾ ਬਲਾਕ ਅਤੇ ਝੋਨੇ ਦੀ ਵਾਢੀ ਦਾ ਸਮਾਂ ਦੱਸਣ ‘ਤੇ ਕਿਸਾਨ ਕੋਲ ਉਸ ਦੇ ਪਿੰਡ ਨੇੜੇ ਉਪਲਬੱਧ ਮਸ਼ੀਨਰੀ ਜਿਸ ਵਿੱਚ ਬੇਲਰ, ਚੋਪਰ, ਸੁਪਰ ਸੀਡਰ, ਸਰਫੇਸ ਸੀਡਰ ਆਦਿ ਦੀ ਜਾਣਕਾਰੀ ਅਤੇ ਸੰਪਰਕ ਨੰਬਰ ਪੰਜਾਬੀ ਭਾਸ਼ਾ ਵਿੱਚ ਆ ਜਾਵੇਗਾ। ਉਨ੍ਹਾਂ ਕਿਹਾ ਕਿ ਚੈਟ ਬੋਟ ਨੂੰ ਪੂਰੀ ਤਰ੍ਹਾਂ ਸਰਲ ਪੰਜਾਬੀ ਭਾਸ਼ਾ ਵਿੱਚ ਬਣਾਇਆ ਗਿਆ ਹੈ, ਜਿਸ ਨੂੰ ਕੋਈ ਵੀ ਵਿਅਕਤੀ ਆਸਾਨੀ ਨਾਲ ਚਲਾ ਸਕਦਾ ਹੈ। ਉਨ੍ਹਾਂ ਕਿਹਾ ਕਿ ਚੈਟ ਬੋਟ ਨੂੰ ਕਿਸਾਨਾਂ ਨੂੰ ਸਮਰਪਿਤ ਕਰਨ ਤੋਂ ਪਹਿਲਾਂ ਇਸ ਦਾ ਡੈਮੋ ਕਿਸਾਨਾਂ ਨੂੰ ਦਿਖਾਇਆ ਗਿਆ ਸੀ ਅਤੇ ਉਨ੍ਹਾਂ ਪਾਸੋਂ ਮਿਲੇ ਸੁਝਾਅ ਅਨੁਸਾਰ ਇਸ ਵਿੱਚ ਲੋੜੀਂਦੇ ਬਦਲਾਅ ਵੀ ਕੀਤੇ ਗਏ ਹਨ।

ਇਸ ਮੌਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵਾਤਾਵਰਣ ਦੀ ਸ਼ੁੱਧਤਾ ਲਈ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕਰਦੇ ਹੋਏ ਪਰਾਲੀ ਨੂੰ ਇਨ ਸੀਟੂ ਅਤੇ ਐਕਸ ਸੀਟੂ ਤਕਨੀਕਾਂ ਦੀ ਵਰਤੋਂ ਕਰਦੇ ਹੋਏ ਇਸ ਦਾ ਨਿਪਟਾਰਾ ਕਰਨ ਅਤੇ ਵਟਸ ਐਪ ਚੈਟ ਬੋਟ ਦੀ ਵਰਤੋਂ ਕਰਕੇ ਆਪਣੇ ਨੇੜੇ ਮੌਜੂਦ ਮਸ਼ੀਨਰੀ ਰਾਹੀਂ ਪਰਾਲੀ ਪ੍ਰਬੰਧਨ ਕਰਨ ਨੂੰ ਤਰਜੀਹ ਦੇਣ।

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਇਸ ਦੌਰਾਨ ਇੱਕ ਮੀਟਿੰਗ ਕਰਦਿਆਂ ਖੇਤੀਬਾੜੀ, ਸਹਿਕਾਰਤਾ, ਪੇਂਡੂ ਵਿਕਾਸ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਸਮੇਤ ਸਬੰਧਤ ਵਿਭਾਗਾਂ ਨੂੰ ਪਟਿਆਲਾ ਵਿੱਚ ਵਾਤਾਵਰਣ ਪੱਖੀ ਖੇਤੀ ਅਭਿਆਸਾਂ ਨੂੰ ਸਰਗਰਮੀ ਨਾਲ ਉਤਸ਼ਾਹਿਤ ਕਰਨ ਦੇ ਨਿਰਦੇਸ਼ ਦਿੱਤੇ ਹਨ।

ਇਸ ਮੌਕੇ ਡੀ.ਆਰ. ਸਹਿਕਾਰੀ ਸਭਾਵਾਂ ਸਰਬੇਸ਼ਵਰ ਸਿੰਘ ਮੋਹੀ, ਮੁੱਖ ਖੇਤੀਬਾੜੀ ਅਫਸਰ ਗੁਰਨਾਮ ਸਿੰਘ, ਏ.ਸੀ.ਐਫ.ਏ ਰਾਕੇਸ਼ ਗਰਗ, ਰਵਿੰਦਰਪਾਲ ਸਿੰਘ ਚੱਠਾ, ਪ੍ਰਦੂਸ਼ਨ ਰੋਕਥਾਮ ਬੋਰਡ ਤੋਂ ਰੋਹਿਤ ਸਿੰਗਲਾ ਸਮੇਤ ਜ਼ਿਲ੍ਹੇ ਦੇ ਅਗਾਂਹਵਧੂ ਕਿਸਾਨ ਵੀ ਮੌਜੂਦ ਸਨ।
ਫੋਟੋ ਕੈਪਸ਼ਨ-ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਕਿਸਾਨਾਂ ਵਟਸ ਐਪ ਚੈਟ ਬੋਟ ਕਿਸਾਨਾਂ ਨੂੰ ਸਮਰਪਿਤ ਕਰਦੇ ਹੋਏ।