ਪੰਜਾਬ , 03 ਅਕਤੂਬਰ 2025: ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ‘ਉੱਨਤ ਕਿਸਾਨ’ ਮੋਬਾਈਲ ਐਪ ’ਤੇ ਹੁਣ ਤੱਕ 85,000 ਤੋਂ ਵੱਧ ਸੀ.ਆਰ.ਐਮ. (ਫਸਲ ਬਚਤ ਪ੍ਰਬੰਧਨ) ਮਸ਼ੀਨਾਂ ਦੀ ਮੈਪਿੰਗ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਹ ਵਨ-ਸਟਾਪ ਪਲੇਟਫਾਰਮ ਨਾ ਸਿਰਫ਼ ਪਰਾਲੀ ਪ੍ਰਬੰਧਨ ਨੂੰ ਆਸਾਨ ਬਣਾਉਂਦਾ ਹੈ, ਬਲਕਿ ਟਿਕਾਊ ਖੇਤੀਬਾੜੀ ਅਤੇ ਵਾਤਾਵਰਣ ਸੰਰੱਖਣ ਦੀ ਦਿਸ਼ਾ ‘ਚ ਪੰਜਾਬ ਸਰਕਾਰ ਦੀ ਵਚਨਬੱਧਤਾ ਦਾ ਵੀ ਪ੍ਰਤੀਕ ਹੈ।
ਖੇਤੀਬਾੜੀ ਮੰਤਰੀ ਨੇ ਕਿਹਾ ਕਿ ਕਿਸਾਨਾਂ ਹੁਣ ਆਪਣੇ ਮੋਬਾਈਲ ਫ਼ੋਨ ਤੋਂ ਘਰ ਬੈਠੇ ਹੀ ਮਸ਼ੀਨਾਂ ਬੁੱਕ ਕਰ ਸਕਦੇ ਹਨ। ਹਰ ਮਸ਼ੀਨ ਨੂੰ ਖੇਤੀਬਾੜੀ ਯੋਗ ਖੇਤਰ ਦੇ ਅਨੁਸਾਰ ਜੀਓ-ਟੈਗ ਕੀਤਾ ਹੈ, ਜਿਸ ਨਾਲ ਮਸ਼ੀਨਾਂ ਦੀ ਉਪਲਬੱਧਤਾ ਅਤੇ ਵਰਤੋਂ ਦੀ ਰੀਅਲ-ਟਾਈਮ ਨਿਗਰਾਨੀ ਸੰਭਵ ਹੋ ਜਾਂਦੀ ਹੈ। ਪੰਜਾਬ ਸਰਕਾਰ ਦਾ ਕਹਿਣਾ ਹੈ ਕਿ ਇਸ ਵਿਵਸਥਾ ਨਾਲ ਕਿਸਾਨਾਂ ਦਾ ਸਮਾਂ ਬਚੇਗਾ, ਖਰਚਾ ਘੱਟੇਗਾ ਅਤੇ ਫਸਲ ਬਚਤ ਪ੍ਰਬੰਧਨ ਦੀ ਪ੍ਰਕਿਰਿਆ ਹੋਰ ਵਿਗਿਆਨਕ ਬਣੇਗੀ।
ਖੇਤੀਬਾੜੀ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਡਿਜੀਟਲ ਪਹਿਲ ਨੂੰ ਹੋਰ ਵੀ ਮਜ਼ਬੂਤ ਬਣਾਉਣ ਲਈ 5,000 ਤੋਂ ਵੱਧ ਪਿੰਡ ਪੱਧਰੀ ਸਹਾਇਕ (VLF) ਅਤੇ ਕਲੱਸਟਰ ਅਧਿਕਾਰੀ (COs) ਤਾਇਨਾਤ ਕੀਤੇ ਹਨ। ਇਹ ਅਧਿਕਾਰੀ ਕਿਸਾਨਾਂ ਨੂੰ ਜ਼ਮੀਨੀ ਪੱਧਰ ’ਤੇ ਸਹਿਯੋਗ ਦੇਣਗੇ ਅਤੇ ਮਸ਼ੀਨਾਂ ਦੀ ਬੁੱਕਿੰਗ, ਵਰਤੋਂ ਅਤੇ ਗਤੀਵਿਧੀਆਂ ਦੀ ਨਿਗਰਾਨੀ ਯਕੀਨੀ ਬਣਾਉਣਗੇ।
ਪੰਜਾਬ ਸਰਕਾਰ ਮੁਤਾਬਕ ਐਪ ਦੀ ਇੱਕ ਖਾਸੀਅਤ ਇਹ ਹੈ ਕਿ ਨਿਜੀ ਮਸ਼ੀਨ ਮਾਲਕ ਵੀ ਆਪਣੇ ਉਪਕਰਨ ਰਜਿਸਟਰ ਕਰ ਸਕਦੇ ਹਨ। ਇਸ ਨਾਲ ਮਸ਼ੀਨਾਂ ਦੀ ਉਪਲਬੱਧਤਾ ਹੋਰ ਵਿਆਪਕ ਹੋਵੇਗੀ ਅਤੇ ਪਿੰਡ ਪੱਧਰ ’ਤੇ ਕਿਸਾਨ ਇੱਕ-ਦੂਜੇ ਦਾ ਸਹਿਯੋਗ ਕਰ ਸਕਣਗੇ। ਇੱਥੋਂ ਤੱਕ ਕਿ ਪਿੰਡ ਸਹਾਇਕ ਕਿਸਾਨਾਂ ਦੀ ਤਰਫ਼ੋਂ ਮਸ਼ੀਨਾਂ ਬੁੱਕ ਕਰਨ ‘ਚ ਵੀ ਸਮਰੱਥ ਹੋਣਗੇ |
ਉਨ੍ਹਾਂ ਕਿਹਾ ਕਿ ਐਪ ਦਾ ਰੀਅਲ-ਟਾਈਮ ਡੈਸ਼ਬੋਰਡ ਇਸ ਪੂਰੀ ਵਿਵਸਥਾ ਦੀ ਪਾਰਦਰਸ਼ਿਤਾ ਅਤੇ ਜਵਾਬਦੇਹੀ ਯਕੀਨੀ ਬਣਾਉਂਦਾ ਹੈ। ਇਹ ਡੈਸ਼ਬੋਰਡ ਮਸ਼ੀਨਾਂ ਦੀ ਟ੍ਰੈਕਿੰਗ ਅਤੇ ਫੀਲਡ ਅਧਿਕਾਰੀਆਂ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖਦਾ ਹੈ, ਜਿਸ ਨਾਲ ਸਮੱਸਿਆ ਹੱਲ ਤੇਜ਼ ਹੁੰਦਾ ਹੈ ਅਤੇ ਸਾਧਨਾਂ ਦੀ ਸਹੀ ਵਰਤੋਂ ਹੋ ਪਾਉਂਦੀ ਹੈ। ਸਰਕਾਰ ਮੁਤਾਬਕ ਵਾਢੀ ਦੇ ਸਮੇਂ ਪਰਾਲੀ ਪ੍ਰਬੰਧਨ ਨੂੰ ਲੈ ਕੇ ਇਹ ਡਿਜੀਟਲ ਨਿਗਰਾਨੀ ਪ੍ਰਣਾਲੀ ਕਿਸਾਨਾਂ ਲਈ ਬਹੁਤ ਲਾਭਦਾਇਕ ਸਾਬਤ ਹੋ ਰਹੀ ਹੈ।
Read More: ਇੱਕ ਹਫ਼ਤੇ ‘ਚ 1.75 ਲੱਖ ਤੋਂ ਵੱਧ ਪਸ਼ੂਆਂ ਦਾ ਕੀਤਾ ਟੀਕਾਕਰਨ: ਗੁਰਮੀਤ ਸਿੰਘ ਖੁੱਡੀਆਂ




