July 2, 2024 8:13 pm
Amritsar-Pathankot railway track

ਕਿਸਾਨਾਂ ਵਲੋਂ ਅੰਮ੍ਰਿਤਸਰ-ਪਠਾਨਕੋਟ ਰੇਲਵੇ ਟਰੈਕ ਅਣਮਿੱਥੇ ਸਮੇਂ ਲਈ ਜਾਮ

ਬਟਾਲਾ, 30 ਜਨਵਰੀ 2023: ਬਟਾਲਾ ਰੇਲਵੇ ਸਟੇਸ਼ਨ ‘ਤੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਬੈਨਰ ਹੇਠ ਕਿਸਾਨਾਂ ਵਲੋਂ ਅੰਮ੍ਰਿਤਸਰ-ਪਠਾਨਕੋਟ ਰੇਲਵੇ ਟਰੈਕ (Amritsar-Pathankot railway track) ਨੂੰ ਅਣਮਿੱਥੇ ਸਮੇਂ ਲਈ ਜਾਮ ਕਰਦੇ ਹੋਏ ਸ਼ੁਰੂ ਕੀਤਾ ਰੋਸ ਪ੍ਰਦਰਸ਼ਨ ਅੱਜ ਦੂਸਰੇ ਦਿਨ ਭਾਰੀ ਬਰਸਾਤ ਵਿੱਚ ਵੀ ਜਾਰੀ ਹੈ ,ਇਸ ਦੌਰਾਨ ਜਥੇਬੰਦੀ ਦੇ ਆਗੂ ਸਰਵਣ ਸਿੰਘ ਪੰਧੇਰ ਵੀ ਮੌਜੂਦ ਰਹੇ ,ਠੰਡ ਅਤੇ ਭੁੱਖ ਤੋਂ ਬਚਣ ਲਈ ਕਿਸਾਨਾਂ ਵਲੋਂ ਰੇਲਵੇ ਸਟੇਸ਼ਨ ‘ਤੇ ਹੀ ਪੁਖਤਾ ਇੰਤਜਾਮ ਕੀਤੇ ਗਏ ਹਨ |

ਇਸ ਮੌਕੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਅਤੇ ਹਰਦੀਪ ਸਿੰਘ ਨੇ ਦੱਸਿਆ ਕਿ ਬੀਤੇ ਕੱਲ੍ਹ ਪੂਰੇ ਪੰਜਾਬ ਵਿੱਚ ਤਿੰਨ ਘੰਟਿਆਂ ਲਈ ਰੇਲਵੇ ਟਰੈਕ ਰੋਕ ਕੇ ਜੋ ਪ੍ਰਦਰਸ਼ਨ ਕੀਤਾ ਗਿਆ ਸੀ ਉਹ ਕੇਂਦਰ ਸਰਕਾਰ ਨੇ ਜੋ ਵਾਅਦਾ ਕਰਕੇ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆ ਉਹ ਉਸਦੇ ਖ਼ਿਲਾਫ਼ ਸੀ, ਪਰ ਬਟਾਲਾ ਵਿਖੇ ਜੋ ਰੇਲਵੇ ਟਰੈਕ ਅਣਮਿੱਥੇ ਸਮੇਂ ਲਈ ਰੋਕਿਆ ਗਿਆ ਹੈ, ਇਹ ਜ਼ਿਲ੍ਹਾ ਗੁਰਦਾਸਪੁਰ ਦੇ ਨਾਲ ਸੰਬੰਧਿਤ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਕੀਤਾ ਜਾ ਰਿਹਾ ਹੈ |

ਉਨ੍ਹਾਂ ਨੇ ਕਿਹਾ ਕਿ ਜੋ ਤਿੰਨ ਨੈਸ਼ਨਲ ਹਾਈਵੇ ਬਣਨ ਜਾ ਰਹੇ ਹਨ, ਉਹਨਾਂ ਵਾਸਤੇ ਜੋ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਕੀਤੀਆਂ ਜਾ ਰਹੀਆਂ ਹਨ | ਉਹਨਾਂ ਦਾ ਮੁਆਵਜ਼ਾ ਕਿਸਾਨਾਂ ਨੂੰ ਇਕ ਸਾਰ ਨਹੀਂ ਦਿੱਤਾ ਜਾ ਰਿਹਾ, ਦੂਜਾ ਜ਼ਿਲ੍ਹੇ ਨਾਲ ਸੰਬੰਧਿਤ ਜੋ ਕਿਸਾਨ ਧਰਨਿਆਂ ਦੌਰਾਨ ਸ਼ਹਾਦਤਾਂ ਪਾ ਗਏ ਸਨ, ਓਹਨਾ ਦੇ ਪਰਿਵਾਰਾਂ ਨੂੰ ਨਾ ਹੀ ਮੁਆਵਜ਼ੇ ਅਤੇ ਨਾ ਹੀ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ |

ਇਸਦੇ ਨਾਲ ਹੀ ਨਾ ਹੀ ਗੰਨੇ ਦੀ ਪੇਮੈਂਟ ਜੋ ਕੇ 15 ਦਿਨ ਵਿੱਚ ਦਿੱਤੀ ਜਾਣੀ ਸੀ ਉਹ 40 ਦਿਨ ਬੀਤ ਜਾਣ ਦੇ ਬਾਅਦ ਵੀ ਕਿਸਾਨਾਂ ਨੂੰ ਨਹੀਂ ਦਿੱਤੀ ਗਈ ਅਤੇ ਗੰਨੇ ਦਾ ਜੋ ਸਰਕਾਰੀ ਰੇਟ 380 ਰੁਪਏ ਪ੍ਰਤੀ ਕੁਇੰਟਲ ਰਖਿਆ ਗਿਆ ਹੈ | ਉਸ ਵਿਚੋਂ 330 ਰੁਪਏ ਗੰਨਾ ਮਿੱਲ ਨੇ ਦੇਣੇ ਹੁੰਦੇ ਹਨ ਅਤੇ ਬਾਕੀ 50 ਰੁਪਏ ਸਰਕਾਰ ਨੇ ਦੇਣੇ ਹੁੰਦੇ ਹਨ, ਉਹ ਵੀ ਅਜੇ ਤੱਕ ਨਹੀਂ ਮਿਲੇ |

ਉਨ੍ਹਾਂ ਨੇ ਕਿਹਾ ਕਿ ਸਾਡੀ ਮੰਗ ਹੈ ਕੇ ਗੰਨੇ ਦੀ ਪੇਮੈਂਟ 380 ਰੁਪਏ ਇਕੋ ਵਾਰ ਇਕੱਠੇ ਮਿਲਣੇ ਚਾਹੀਦੇ ਹਨ , ਅਸੀਂ ਤਮਾਮ ਮੰਗਾਂ ਨੂੰ ਲੈ ਕੇ ਅਸੀਂ ਬਟਾਲਾ ਸਟੇਸ਼ਨ ਤੇ ਬਟਾਲਾ-ਪਠਾਨਕੋਟ ਰੇਲਵੇ ਟਰੈਕ ਜਾਮ ਕਰ ਰੱਖਿਆ ਹੈ ,ਉਹਨਾਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ ਵੀ ਗੱਲਬਾਤ ਕਰਨ ਲਈ ਆਏ ਸੀ ਓਹਨਾਂ ਵਿਸ਼ਵਾਸ ਦਿਲਾਇਆ ਹੈ ਕਿ ਉਹ ਪੰਜਾਬ ਸਰਕਾਰ ਨਾਲ ਚੰਡੀਗੜ ਵਿਖੇ ਇਹਨਾਂ ਮੰਗਾਂ ਨੂੰ ਲੈ ਕੇ ਗੱਲਬਾਤ ਕਰਕੇ ਹੱਲ ਕੱਢਣਗੇ | ਉਨ੍ਹਾਂ ਕਿਹਾ ਕਿ ਜਦੋਂ ਤੱਕ ਸਾਡੀਆਂ ਇਹਨਾਂ ਮੰਗਾਂ ਦਾ ਹੱਲ ਨਹੀਂ ਨਿਕਲਦਾ, ਉਦੋਂ ਤੱਕ ਇਹ ਰੇਲਵੇ ਟਰੈਕ ਜਾਮ ਰੱਖਿਆ ਜਾਵੇਗਾ |

ਓਥੇ ਹੀ ਬਟਾਲਾ ਸਟੇਸ਼ਨ ਦੇ ਸਟੇਸ਼ਨ ਮਾਸਟਰ ਸੰਜੀਵ ਨੇ ਦੱਸਿਆ ਕਿ ਕਿਸਾਨਾਂ ਦੇ ਇਸ ਧਰਨੇ ਕਾਰਨ ਅਮ੍ਰਿਤਸਰ ਤੋਂ ਪਠਾਨਕੋਟ ਆਉਣ ਜਾਣ ਵਾਲੀਆਂ ਸਾਰੀਆਂ ਟ੍ਰੇਨਾਂ ਰੱਧ ਕੀਤੀਆਂ ਗਈਆਂ ਹਨ ਅਤੇ ਦਿੱਲੀ ਜਾਣ ਵਾਲੀਆਂ ਟ੍ਰੇਨਾਂ ਨੂੰ ਵਾਇਆ ਪਠਾਨਕੋਟ-ਜਲੰਧਰ ਰਾਹੀਂ ਚਲਾਇਆ ਜਾ ਰਿਹਾ ਹੈ | ਇਸ ਟਰੈਕ ਦੇ ਜਾਮ ਹੋਣ ਕਾਰਨ 22 ਦੇ ਕਰੀਬ ਟ੍ਰੇਨਾਂ ਪ੍ਰਭਾਵਿਤ ਹੋ ਰਹੀਆਂ ਹਨ |