ਝੋਨੇ ਦੀ ਖਰੀਦ ਨਾ ਹੋਣ ਕਾਰਨ ਕਿਸਾਨ ਹੋ ਰਹੇ ਹਨ ਪ੍ਰੇਸ਼ਾਨ, ਜੇ ਨਾ ਹੋਇਆ ਕੋਈ ਹੱਲ ਤਾਂ ਇਸ ਤੋਂ ਬਾਅਦ ਲਿਆ ਜਾਵੇਗਾ ਵੱਡਾ ਐਕਸ਼ਨ

ਸੰਗਰੂਰ 25 ਅਕਤੂਬਰ 2024 : ਅੱਜ ਚੰਡੀਗੜ੍ਹ ਬਠਿੰਡਾ (Chandigarh Bathinda)  ਨੈਸ਼ਨਲ ਹਾਈਵੇ (National Highway)  ‘ਤੇ ਪੈਂਦੇ ਸਬ ਡਵੀਜਨ ਭਵਾਨੀਗੜ੍ਹ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਭਾਰਤੀ ਕਿਸਾਨ ਯੂਨੀਅਨ ਡਕੌਦਾ ਵਲੋਂ ਨੈਸ਼ਨਲ ਹਾਈਵੇ ਜਾਮ ਕੀਤਾ ਗਿਆ। ਕਿਸਾਨਾਂ ਨੇ ਦੋਸ਼ ਲਗਾਇਆ ਕਿ ਮੰਡੀ ਵਿਚ ਝੋਨੇ ਦੇ ਕੋਠਿਆਂ ਦੇ ਬਰਾਬਰ ਢੇਰ ਲੱਗ ਰਹੇ ਹਨ ਪਰੰਤੂ ਕਿਸੇ ਵੀ ਸਰਕਾਰ ਦਾ ਕਿਸਾਨਾਂ ਵੱਲ ਧਿਆਨ ਨਹੀਂ। ਝੋਨੇ ਤੋਂ ਤੁਰੰਤ ਬਾਅਦ ਕਣਕ ਦੀ ਬਿਜਾਈ ਦਾ ਸਮਾਂ ਬਿਲਕੁੱਲ ਤਿਆਰ ਹੈ, ਪਰੰਤੂ ਸੁਸਾਇਟੀਆਂ ਵਿਚ ਅਤੇ ਦੁਕਾਨਾਂ ਤੇ ਡੀ. ਏ. ਵੀ. ਪੀ. ਖਾਦ ਦਾ ਕੋਈ ਪ੍ਰਬੰਧ ਨਹੀਂ ਹੈ। ਸਰਕਾਰਾਂ ਵਲੋਂ ਜਾਣਬੁੱਝ ਕੇ ਕਿਸਾਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਫਿਰ ਕਿਸਾਨਾਂ ਕੋਲ ਸੜਕਾਂ ਤੇ ਉਤਰਨ ਤੋਂ ਇਲਾਵਾ ਹੋਰ ਕੋਈ ਹੱਲ ਹੀ ਨਹੀਂ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਇਕ ਤਾਂ ਕੇਂਦਰ ਦੀ ਸਰਕਾਰ ਨਿਕੰਮੀ ਹੈ ਉਸਤੋਂ ਵੀ ਨਿਕੰਮੇ ਪੰਜਾਬ ਭਾਜਪਾ ਦੇ ਲੀਡਰ ਹਨ ਜਿਹੜੇ ਆਪਣੀ ਸਰਕਾਰ ਕੋਲ ਕਿਸਾਨਾਂ ਦੇ ਮੁੱਦੇ ਨਹੀਂ ਚੁੱਕਦੇ। ਫਿਰ ਭਾਜਪਾ ਨੂੰ ਪੰਜਾਬ ਦੇ ਲੋਕ ਵੋਟਾਂ ਕਿਸ ਆਧਾਰ ਤੇ ਪਾਉਣਗੇ।

 

ਦਿੱਲੀ ਨੈਸ਼ਨਲ ਹਾਈਵੇ ਤੇ ਸਰਹਿੰਦ

ਉਥੇ ਹੀ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਨੈਸ਼ਨਲ ਹਾਈਵੇ ਤੇ ਸਰਹਿੰਦ ਥਾਣੇ ਦੇ ਨਜ਼ਦੀਕ ਪਿੰਡ ਤਰਖਾਣ ਮਾਜਰਾ ਟੀ ਪੁਆਇੰਟ ਦੇ ਨੇੜੇ ਚੱਕਾ ਜਾਮ ਕਰਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ । ਕਿਸਾਨ ਜਥੇਬੰਦੀਆਂ ਦੇ ਆਗੂ ਨੇ ਕਿਹਾ ਕਿ ਅਨਾਜ ਮੰਡੀਆਂ ਦੇ ਵਿੱਚ ਝੋਨੇ ਦੀ ਫਸਲ ਦੇ ਅੰਬਾਰ ਲੱਗ ਚੁੱਕੇ ਹਨ ਤੇ ਨਾ ਹੀ ਖਰੀਦ ਹੋ ਰਹੀ ਤੇ ਨਾ ਹੀ ਕਿਸਾਨਾਂ ਦੀ ਕੋਈ ਸਾਰ ਲੈ ਰਿਹਾ ਹੈ। ਕਿਸਾਨ ਆਗੂਆਂ ਨੂੰ ਚੇਤਾਵਨੀ ਦਿੱਤੀ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਕੋਈ ਹੱਲ ਨਾ ਹੋਇਆ ਤਾਂ ਪੰਜਾਬ ਬੰਦ ਦਾ ਵੀ ਸੱਦਾ ਦਿੱਤਾ ਜਾਵੇਗਾ ।

 

 

Scroll to Top