July 5, 2024 12:55 am
Farmers

ਆਪਣੀ ਮੰਗਾਂ ਨੂੰ ਲੈ ਕੇ ਪੰਜਾਬ ਭਰ ‘ਚ ਕਿਸਾਨ ਰੋਕਣਗੇ ਰੇਲਾਂ, ਕਈ ਟਰੇਨਾਂ ਹੋਣਗੀਆਂ ਪ੍ਰਭਾਵਿਤ

ਚੰਡੀਗੜ੍ਹ, 18 ਮਈ 2023: ਭਾਰਤ ਮਾਲਾ ਪ੍ਰਾਜੈਕਟ ਤਹਿਤ ਐਕੁਆਇਰ ਕੀਤੀਆਂ ਜ਼ਮੀਨਾਂ ਦੇ ਮੁਆਵਜ਼ੇ ਨੂੰ ਲੈ ਕੇ ਲੰਮੇ ਸਮੇਂ ਤੋਂ ਵਿਰੋਧ ਕਰ ਰਹੇ ਹਨ | ਕਿਸਾਨਾਂ (Farmers) ਨੇ ਅੱਜ ਦੁਪਹਿਰ 1 ਵਜੇ ਪੰਜਾਬ ਭਰ ਵਿੱਚ ਰੇਲਵੇ ਟਰੈਕ ਜਾਮ ਕਰਨ ਦਾ ਫੈਸਲਾ ਕੀਤਾ ਹੈ। ਇਸ ਕਾਰਨ ਰੇਲਵੇ ਟਰੈਕ ਪੂਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ।

ਕਿਸਾਨ (Farmers) ਮਜ਼ਦੂਰ ਸੰਘਰਸ਼ ਕਮੇਟੀ ਦੇ ਬੈਨਰ ਹੇਠ ਜਲੰਧਰ, ਲੁਧਿਆਣਾ, ਫ਼ਿਰੋਜ਼ਪੁਰ, ਬਠਿੰਡਾ, ਅੰਮ੍ਰਿਤਸਰ, ਪਟਿਆਲਾ, ਰੋਪੜ ਆਦਿ ਵਿੱਚ ਕਿਸਾਨ ਤੇ ਖੇਤ ਮਜ਼ਦੂਰ ਇਕੱਠੇ ਹੋ ਕੇ ਰੇਲ ਪਟੜੀਆਂ ’ਤੇ ਬੈਠ ਕੇ ਆਪਣੇ ਰੋਹ ਦਾ ਪ੍ਰਗਟਾਵਾ ਕਰਨਗੇ। ਕਿਸਾਨ ਆਗੂਆਂ ਨੇ ਕਿਹਾ ਕਿ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਪ੍ਰਸ਼ਾਸਨ ਨੇ ਧੱਕੇਸ਼ਾਹੀ ਕੀਤੀ |

ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਦੀ ਕਠਪੁਤਲੀ ਬਣ ਕੇ ਰਹਿ ਗਈ ਹੈ। ਕੇਂਦਰ ਸਰਕਾਰ ਦੇ ਇਸ਼ਾਰੇ ‘ਤੇ ਭਗਵੰਤ ਮਾਨ ਸਰਕਾਰ ਕਿਸਾਨ-ਮਜ਼ਦੂਰ ਵਿਰੋਧੀ ਕੰਮ ਕਰ ਰਹੀ ਹੈ। ਭਾਰਤ ਮਾਲਾ ਪ੍ਰੋਜੈਕਟ ਤਹਿਤ ਦਿੱਤਾ ਜਾ ਰਿਹਾ ਮੁਆਵਜ਼ਾ ਬਹੁਤ ਹੀ ਮਾਮੂਲੀ ਹੈ। ਕਿਸਾਨ ਇਸ ਮੁਆਵਜ਼ੇ ਨੂੰ ਵਧਾਉਣ ਲਈ ਸੰਘਰਸ਼ ਕਰ ਰਹੇ ਹਨ | ਕਿਸਾਨ ਆਗੂ ਹਰਪ੍ਰੀਤ ਸਿੰਘ ਨੇ ਕਿਹਾ ਕਿ ਆਪਣੇ ਹੱਕਾਂ ਲਈ ਲੜਨਾ ਉਨ੍ਹਾਂ ਦਾ ਹੱਕ ਹੈ।

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਜੰਮੂ-ਕਟੜਾ ਐਕਸਪ੍ਰੈਸ ਵੇਅ ਨੂੰ ਲੈ ਕੇ ਸ਼੍ਰੀ ਹਰਗੋਬਿੰਦਪੁਰ ਦੇ ਮਾੜੀ ਟਾਂਡਾ ਵਿਖੇ ਜ਼ਮੀਨ ਐਕਵਾਇਰ ਕਰਨ ਆਏ ਪ੍ਰਸ਼ਾਸਨ ਨਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਝੜੱਪ ਹੋ ਗਈ ਸੀ । ਇਸ ਦੌਰਾਨ ਕਿਸਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਕੁਝ ਹੀ ਦੇਰ ਵਿੱਚ ਸਥਿਤੀ ਬੇਕਾਬੂ ਹੋ ਗਈ। ਇਸ ਮਗਰੋਂ ਕਮੇਟੀ ਵੱਲੋਂ ਪੁਲੀਸ ਤੇ ਪ੍ਰਸ਼ਾਸਨ ਖ਼ਿਲਾਫ਼ ਅਠਵਾਲ ਨਹਿਰ ਦੇ ਪੁਲ ’ਤੇ ਜਾਮ ਲਾਉਣ ਦਾ ਫੈਸਲਾ ਕੀਤਾ ਗਿਆ। ਇਸ ਤੋਂ ਬਾਅਦ ਕਿਸਾਨਾਂ ਨੇ ਅੱਜ ਪੰਜਾਬ ਵਿੱਚ ਰੇਲ ਅੰਦੋਲਨ ਦਾ ਐਲਾਨ ਕੀਤਾ ਹੈ।