Farmers

ਕਿਸਾਨ ਆਗੂਆਂ ਨੇ ਹਰਿਆਣਾ ਪੁਲਿਸ ਨਾਲ ਕੀਤੀ ਗੱਲਬਾਤ, ਕਿਹਾ- ਬੱਸਾਂ-ਟਰੇਨਾਂ ‘ਤੇ ਜਾ ਕੇ ਮੋਰਚੇ ਨਹੀਂ ਲੱਗਦੇ

ਚੰਡੀਗੜ੍ਹ,21 ਫਰਵਰੀ 2024: ਪੰਜਾਬ ਦੇ ਕਿਸਾਨ ਸ਼ੰਭੂ ਅਤੇ ਖਨੌਰੀ ਸਰਹੱਦ ‘ਤੇ ਡਟੇ ਹੋਏ ਹਨ। ਖਨੌਰੀ ਬਾਰਡਰ ‘ਤੇ ਸਥਿਤੀ ਬਦਤਰ ਹੋ ਗਈ ਹੈ। ਹਰਿਆਣਾ ਪੁਲਿਸ ਅੱਥਰੂ ਗੈਸ ਦੇ ਗੋਲੇ ਸੁੱਟ ਰਹੀ ਹੈ ਅਤੇ ਰਬੜ ਦੀਆਂ ਗੋਲੀਆਂ ਵੀ ਚਲਾਈਆਂ ਗਈਆਂ ਹਨ। ਇਸ ਦੌਰਾਨ ਕਿਸਾਨ (Farmers) ਆਗੂ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਨ ਸਿੰਘ ਪੰਧੇਰ ਨੇ ਸ਼ੰਭੂ ਬਾਰਡਰ ‘ਤੇ ਹਰਿਆਣਾ ਪੁਲਿਸ ਨਾਲ ਅੱਗੇ ਜਾ ਕੇ ਗੱਲਬਾਤ ਕੀਤੀ ਹੈ |

ਇਸ ਦੌਰਾਨ ਗੱਲਬਾਤ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਹਰਿਆਣਾ ਪੁਲਿਸ ਦਾ ਕਹਿਣਾ ਹੈ ਕਿ ਕਿਸਾਨ ਪੈਦਲ ਦਿੱਲੀ ਜਾ ਸਕਦੇ ਹਨ | ਉਨ੍ਹਾਂ ਕਿਹਾ ਕਿ ਪੈਦਲ ਦਿੱਲੀ ਜਾਣ ਲਈ ਸਾਰੀਆਂ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਨੀ ਪਵੇਗੀ, ਫਿਰ ਹੀ ਕੋਈ ਫੈਸਲਾ ਲਿਆ ਜਾਵੇਗਾ | ਉਨ੍ਹਾਂ ਕਿਹਾ ਕੇਂਦਰ ਵੱਲੋਂ ਆਏ ਸੱਦੇ ‘ਤੇ ਗੱਲਬਾਤ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਟਰੇਨਾਂ, ਬੱਸਾਂ ਅਤੇ ਕਾਰਾਂ ‘ਚ ਜਾ ਕੇ ਧਰਨੇ ਨਹੀਂ ਲੱਗਦੇ | ਕਿਸਾਨ ਆਗੂ ਨੇ ਨੌਜਵਾਨਾਂ ਨੂੰ ਪਿੱਛੇ ਰਹਿਣ ਦੀ ਅਪੀਲ ਕੀਤੀ ਹੈ |

ਇਸਤੋਂ ਪਹਿਲਾਂ ਜਗਜੀਤ ਸਿੰਘ ਡੱਲੇਵਾਲ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਕੇਂਦਰ ਨਾਲ ਬੈਠਕ ਬਾਰੇ ਪੁਲਿਸ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾਂ ਕੀਤਾ ਜਾ ਰਿਹਾ ਸੀ। ਇਸ ਦੌਰਾਨ ਖ਼ਬਰ ਆਈ ਕਿ ਖਨੌਰੀ ਬਾਰਡਰ ‘ਤੇ ਇਕ ਕਿਸਾਨ ਦੀ ਮੌਤ ਹੋ ਗਈ ਹੈ, ਜਿਸ ਕਾਰਨ ਅਸੀਂ ਬੈਠਕ ਅੱਧ ਵਿਚਾਲੇ ਛੱਡ ਕੇ ਆਏ, ਕਿਉਂਕਿ ਕਿਸਾਨ ਦੀ ਮੌਤ ਸਾਡੇ ਲਈ ਵੱਡਾ ਮਸਲਾ ਹੈ। ਅਸੀਂ ਪਹਿਲਾਂ ਕਿਸਾਨ ਦੀ ਮੌਤ ਦੇ ਮਾਮਲੇ ਦੀ ਪੜਤਾਲ ਕਰਾਂਗੇ।

ਅੰਦੋਲਨ ਦੀ ਅਗਵਾਈ ਕਰ ਰਹੇ ਕਿਸਾਨ (Farmers) ਮਜ਼ਦੂਰ ਮੋਰਚਾ (ਕੇ. ਐੱਮ. ਐੱਮ.) ਦੇ ਕੋਆਰਡੀਨੇਟਰ ਸਰਵਨ ਪੰਧੇਰ ਨੇ ਦੱਸਿਆ ਕਿ ਖਨੌਰੀ ਬਾਰਡਰ ‘ਤੇ ਇਕ ਕਿਸਾਨ ਦੀ ਮੌਤ ਹੋ ਗਈ ਹੈ। ਕਿਸਾਨ ਬਠਿੰਡਾ, ਪੰਜਾਬ ਦਾ ਵਸਨੀਕ ਸੀ। ਉਸ ਤੋਂ ਇਲਾਵਾ 12 ਹੋਰ ਕਿਸਾਨ ਵੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚੋਂ ਦੋ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦੂਜੇ ਪਾਸੇ ਟੋਹਾਣਾ ਬਾਰਡਰ ‘ਤੇ ਤਾਇਨਾਤ ਐਸਆਈ ਵਿਜੇ ਕੁਮਾਰ ਦੀ ਤਬੀਅਤ ਅਚਾਨਕ ਵਿਗੜ ਗਈ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

Scroll to Top