ਫਰੀਦਕੋਟ, 23 ਅਪ੍ਰੈਲ 2025: ਫਰੀਦਕੋਟ ਪੁਲਿਸ ਨੇ ਇੱਕ ਵਾਰ ਫਿਰ ਨਸ਼ਾ ਵਿਰੋਧੀ ਮੁਹਿੰਮ ‘ਚ ਵੱਡੀ ਸਫਲਤਾ ਹਾਸਲ ਕਰਦਿਆਂ ਨਸ਼ੇ ਦੀ ਖੇਪ ਫੜੀ ਹੈ। ਪੁਲਿਸ ਮੁਤਾਬਕ ਸੀਆਈਏ ਫਰੀਦਕੋਟ ਅਤੇ ਜੈਤੋ ਦੀਆਂ ਸਾਂਝੀਆਂ ਟੀਮਾਂ ਨੇ ਇੱਕ ਵਿਸ਼ੇਸ਼ ਕਾਰਵਾਈ ‘ਚ ਤਿੰਨ ਅੰਤਰਰਾਜੀ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਇੱਕ ਵਾਹਨ ‘ਚੋਂ ਭਾਰੀ ਮਾਤਰਾ ‘ਚ ਭੁੱਕੀ ਬਰਾਮਦ ਕੀਤੀ ਗਈ ਹੈ।
ਪੁਲਿਸ ਨੇ ਦੱਸਿਆ ਕਿ ਇਸ ਵਾਹਨ ‘ਚ ਕੁੱਲ 73 ਬੋਰੀਆਂ ‘ਚ 16 ਕੁਇੰਟਲ ਅਤੇ 10 ਕਿਲੋਗ੍ਰਾਮ ਭੁੱਕੀ ਦੀ ਤਸਕਰੀ ਕੀਤੀ ਜਾ ਰਹੀ ਸੀ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਇਸ ਖੇਪ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ‘ਚ ਸਪਲਾਈ ਕਰਨ ਦੀ ਯੋਜਨਾ ਬਣਾ ਰਹੇ ਸਨ।
ਗ੍ਰਿਫ਼ਤਾਰ ਕੀਤੇ ਤਸਕਰਾਂ ਨੂੰ ਸੰਬੰਧਿਤ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ‘ਤੇ ਲਿਆ ਗਿਆ ਹੈ ਤਾਂ ਜੋ ਅਗਲੇਰੀ ਜਾਂਚ ਰਾਹੀਂ ਉਨ੍ਹਾਂ ਦੇ ਪਿੱਛੇ ਅਤੇ ਅੱਗੇ ਦੇ ਨੈੱਟਵਰਕ ਦਾ ਪਤਾ ਲਗਾਇਆ ਜਾ ਸਕੇ। ਪੁਲਿਸ ਨੂੰ ਸ਼ੱਕ ਹੈ ਕਿ ਇਸ ਗਿਰੋਹ ਦੇ ਹੋਰ ਸੂਬਿਆਂ ਨਾਲ ਵੀ ਸਬੰਧ ਹੋ ਸਕਦੇ ਹਨ।
ਫਰੀਦਕੋਟ ਦੇ ਐਸਐਸਪੀ ਨੇ ਇਸ ਕਾਰਵਾਈ ਨੂੰ ਨਸ਼ਾ ਤਸਕਰੀ ਵਿਰੁੱਧ ਇੱਕ ਮਹੱਤਵਪੂਰਨ ਕਦਮ ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਪੁਲਿਸ ਦੀ ਨਸ਼ਾ ਵਿਰੋਧੀ ਮੁਹਿੰਮ ਭਵਿੱਖ ‘ਚ ਵੀ ਇਸੇ ਸਖ਼ਤੀ ਨਾਲ ਜਾਰੀ ਰਹੇਗੀ। ਇਸ ਜ਼ਬਤੀ ਤੋਂ ਸਪੱਸ਼ਟ ਹੈ ਕਿ ਪੰਜਾਬ ਪੁਲਿਸ ਨੇ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਰੁਖ਼ ਅਪਣਾਇਆ ਹੈ ਅਤੇ ਹੁਣ ਕੋਈ ਵੀ ਤਸਕਰ ਕਾਨੂੰਨ ਦੇ ਸ਼ਿਕੰਜੇ ਤੋਂ ਨਹੀਂ ਬਚ ਸਕੇਗਾ।
Read More: ਤਰਨਤਾਰਨ ਵਿਖੇ ਡੇਅਰੀ ‘ਤੇ ਗੋ.ਲੀਆਂ ਚਲਾਉਣ ਵਾਲਾ ਵਿਅਕਤੀ ਪੁਲਿਸ ਵੱਲੋਂ ਕਾਬੂ