ਚੰਡੀਗੜ੍ਹ, 08 ਜੁਲਾਈ 2023: ਪੰਜਾਬ ਦੇ ਫਰੀਦਕੋਟ ਜ਼ਿਲੇ ਦੇ ਕਸਬਾ ਗੋਲੇਵਾਲਾ (Golewala) ‘ਚ 66 ਕੇਵੀ ਪਾਵਰ ਗਰਿੱਡ ‘ਚ ਦੁਪਹਿਰ ਸਮੇਂ ਅਚਾਨਕ ਟਰਾਂਸਫਾਰਮਰ ‘ਚ ਧਮਾਕਾ ਹੋਣ ਨਾਲ ਭਿਆਨਕ ਅੱਗ ਲੱਗ ਗਈ। ਇਸ ਦੀ ਲਪੇਟ ‘ਚ ਆਉਣ ਕਾਰਨ ਉਥੇ ਬਿਜਲੀ ਦੇ ਸਾਮਾਨ ਦੀ ਮੁਰੰਮਤ ਕਰ ਰਹੇ ਤਿੰਨ ਬਿਜਲੀ ਮੁਲਾਜ਼ਮ ਜਸਮੇਲ ਸਿੰਘ, ਗੋਲਡੀ ਅਤੇ ਬਲਦੇਵ ਸਿੰਘ ਝੁਲਸ ਗਏ। ਜਿਸ ਵਿੱਚ ਜਸਮੇਲ ਸਿੰਘ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਸ ਨੂੰ ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ ਸਵੇਰ ਤੋਂ ਪਏ ਭਾਰੀ ਬਾਰਿਸ਼ ਕਾਰਨ ਗਰਿੱਡ ਦੇ ਬਿਜਲੀ ਉਪਕਰਨਾਂ ਵਿੱਚ ਪਾਣੀ ਭਰ ਗਿਆ। ਜਿਸ ‘ਤੇ ਤਿੰਨੇ ਇਲੈਕਟ੍ਰੀਸ਼ਨ ਉਥੇ ਕੰਮ ਕਰ ਰਹੇ ਸਨ। ਪਰ ਕੁਝ ਹੀ ਸਮੇਂ ਵਿੱਚ ਧਮਾਕੇ ਦੇ ਨਾਲ-ਨਾਲ ਅੱਗ ਲੱਗ ਗਈ। ਅੱਗ ਲੱਗਣ ਦੀ ਘਟਨਾ ਤੋਂ ਬਾਅਦ ਬਿਜਲੀ ਗਰਿੱਡ ਤੋਂ ਬਿਜਲੀ ਸਪਲਾਈ ਠੱਪ ਹੋ ਗਈ। ਅੱਗ ਲੱਗਣ ਦੀ ਘਟਨਾ ਤੋਂ ਪੌਣੇ ਘੰਟੇ ਬਾਅਦ ਫਰੀਦਕੋਟ ਸ਼ਹਿਰ ਤੋਂ ਗੋਲੇਵਾਲਾ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚੀ, ਜੋ ਦੋ ਘੰਟੇ ਬਾਅਦ ਵੀ ਅੱਗ ’ਤੇ ਕਾਬੂ ਨਹੀਂ ਪਾ ਸਕੀ। ਅੱਗਜ਼ਨੀ ਦੀ ਇਸ ਘਟਨਾ ਵਿੱਚ ਲੱਖਾਂ ਰੁਪਏ ਦਾ ਬਿਜਲੀ ਦਾ ਸਾਮਾਨ ਸੜ ਕੇ ਸਵਾਹ ਹੋ ਗਿਆ।