ਚੰਡੀਗੜ੍ਹ, 22 ਅਪ੍ਰੈਲ 2023: ਜੰਮੂ-ਕਸ਼ਮੀਰ ਦੇ ਪੁੰਛ ‘ਚ ਹੋਏ ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਲੁਧਿਆਣਾ ਦੇ ਮਨਦੀਪ ਸਿੰਘ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਜੱਦੀ ਪਿੰਡ ਚੰਨਣਕੋਈਆ ਕਲਾਂ ਵਿਖੇ ਲਿਆਂਦੀ ਗਈ। ਜਿਉਂ ਹੀ ਮ੍ਰਿਤਕ ਦੇਹ ਘਰ ਪੁੱਜੀ ਤਾਂ ਮਾਹੌਲ ਸੋਗਮਈ ਹੋ ਗਿਆ। ਰਿਸ਼ਤੇਦਾਰਾਂ ਨੇ ਮ੍ਰਿਤਕ ਦੇਹ ਨੂੰ ਗਲਵੱਕੜੀ ਪਾ ਲਈ ਅਤੇ ਉਨ੍ਹਾਂ ਦੀ ਬੇਟੀ ਖੁਸ਼ਦੀਪ ਕੌਰ ਵੱਲੋਂ ਸ਼ਹੀਦ ਨੂੰ ਸਲਾਮੀ ਦਿੱਤੀ ਗਈ। ਕੁਝ ਹੀ ਦੇਰ ‘ਚ ਸ਼ਹੀਦ ਜਵਾਨ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਕਰ ਦਿੱਤਾ ਜਾਵੇਗਾ।
ਸ਼ਹੀਦ ਦੇ ਪੁੱਤਰ ਕਰਨਦੀਪ ਸਿੰਘ (8) ਨੇ ਕਿਹਾ ਕਿ ਉਹ ਆਪਣੇ ਪਿਤਾ ਮਨਦੀਪ ਸਿੰਘ ਵਾਂਗ ਫੌਜ ਵਿੱਚ ਭਰਤੀ ਹੋਣਾ ਚਾਹੁੰਦਾ ਹੈ ਅਤੇ ਦੇਸ਼ ਦੀ ਸੇਵਾ ਕਰੇਗਾ। ਉਸ ਨੂੰ ਮਾਣ ਹੈ ਕਿ ਉਸ ਦੇ ਪਿਤਾ ਨੇ ਦੇਸ਼ ਲਈ ਆਪਣੀ ਜਾਨ ਦਿੱਤੀ ਹੈ।ਸ਼ਹੀਦ ਮਨਦੀਪ ਸਿੰਘ ਧੀ ਨੇ ਦੱਸਿਆ ਕਿ ਜਦੋਂ ਪਿਤਾ ਦੀ ਸ਼ਹਾਦਤ ਦੀ ਖਬਰ ਟੀਵੀ ‘ਤੇ ਆਈ ਤਾਂ ਪਰਿਵਾਰ ‘ਤੇ ਦੁੱਖ ਦਾ ਪਹਾੜ ਟੁੱਟ ਗਿਆ । ਪਿੰਡ ਦੇ ਲੋਕਾਂ ਨੇ ਉਸ ਨੂੰ ਹੌਸਲਾ ਦਿੱਤਾ ਕਿ ਉਸ ਦੇ ਪਿਤਾ ਨੇ ਦੇਸ਼ ਲਈ ਕੁਰਬਾਨੀ ਦਿੱਤੀ ਸੀ। ਉਸਨੂੰ ਆਪਣੇ ਪਿਤਾ ‘ਤੇ ਮਾਣ ਹੈ।
ਫੌਜ ਵਿੱਚੋਂ ਸੇਵਾਮੁਕਤ ਹੋਏ ਸ਼ਹੀਦ ਦੇ ਚਾਚਾ ਸੂਬੇਦਾਰ ਜਸਵੀਰ ਸਿੰਘ ਨੇ ਦੱਸਿਆ ਕਿ ਮਨਦੀਪ ਸਿੰਘ ਬਚਪਨ ਤੋਂ ਹੀ ਬਹੁਤ ਜੋਸ਼ੀਲਾ ਸੀ। ਮੇਰੇ ਤੋਂ ਪ੍ਰੇਰਿਤ ਹੋ ਕੇ ਫੌਜ ਵਿਚ ਭਰਤੀ ਹੋਇਆ ਸੀ । ਮਨਦੀਪ ਆਪਣੇ ਚਾਰ ਭੈਣਾਂ-ਭਰਾਵਾਂ ਵਿੱਚੋਂ ਇਕੱਲਾ ਸੀ ਜਿਸ ਨੇ 12ਵੀਂ ਜਮਾਤ ਤੱਕ ਪੜ੍ਹਾਈ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਉਸ ਦੇ ਭਰਾ ਕਾਰੋਬਾਰ ਵਿਚ ਸਨ, ਪਰ ਮਨਦੀਪ ਵੱਖਰਾ ਸੀ ਅਤੇ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਸੀ।
ਦੂਜੇ ਪਾਸੇ ਸ਼ਹੀਦ ਦੀ ਪਤਨੀ ਜਗਦੀਪ ਕੌਰ ਨੇ ਦੱਸਿਆ ਕਿ ਮਨਦੀਪ ਸਿੰਘ ਨੇ ਸ਼ਹੀਦੀ ਤੋਂ ਇਕ ਦਿਨ ਪਹਿਲਾਂ ਉਨ੍ਹਾਂ ਨਾਲ ਫੋਨ ’ਤੇ ਗੱਲ ਕੀਤੀ ਸੀ। ਮਨਦੀਪ ਆਖਰੀ ਵਾਰ ਫਰਵਰੀ ‘ਚ ਘਰ ਆਇਆ ਸੀ। ਇਸ ਦੌਰਾਨ ਉਹ ਇਕ ਮਹੀਨਾ ਪਰਿਵਾਰ ਨਾਲ ਰਿਹਾ ਅਤੇ ਮਾਰਚ ਦੇ ਪਹਿਲੇ ਹਫ਼ਤੇ ਡਿਊਟੀ ਜੁਆਇਨ ਕੀਤੀ ਸੀ।