ਚੰਡੀਗੜ੍ਹ, 07 ਅਪ੍ਰੈਲ 2023: ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ (Sidhu Moosewala) ਦਾ ਤੀਜਾ ਗੀਤ ‘ਮੇਰਾ ਨਾਂ’ ਰਿਲੀਜ਼ ਕਰ ਦਿੱਤਾ ਗਿਆ ਹੈ। ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ‘ਮੇਰਾ ਨਾਂ’ ਨੇ ਕੁਝ ਸਮੇਂ ‘ਚ ਹੀ ਰਿਕਾਰਡ ਤੋੜ ਦਿੱਤਾ ਹੈ | ਇਸ ਗੀਤ ‘ਤੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਸਿੱਧੂ ਦੇ ਪ੍ਰਸ਼ੰਸਕਾਂ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਸਿੱਧੂ ਮੂਸੇਵਾਲਾ ਅੱਜ ਵੀ ਲੋਕਾਂ ਦੇ ਦਿਲਾਂ ‘ਚ ਜ਼ਿੰਦਾ ਹੈ, ਉਨ੍ਹਾਂ ਕਿਹਾ ਕਿ ਸਿੱਧੂ ਦੇ ਗੀਤ ਇਸ ਤਰ੍ਹਾਂ ਹੀ ਆਉਂਦੇ ਰਹਿਣਗੇ ।ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਿੱਧੂ ਦੇ ਉਨ੍ਹਾਂ ਪ੍ਰਸ਼ੰਸਕਾਂ ‘ਤੇ ਪੂਰਾ ਭਰੋਸਾ ਹੈ ਜੋ ਸਿੱਧੂ ਦੇ ਇਨਸਾਫ ਲਈ ਲਗਾਤਾਰ ਯਤਨਸ਼ੀਲ ਹਨ। ਸਿੱਧੂ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਪੰਜਾਬੀ ਅਤੇ ਦਸਤਾਰ ਨੂੰ 158 ਦੇਸ਼ਾਂ ਵਿੱਚ ਲੈ ਕੇ ਗਿਆ ਹੈ ਜੋ ਅਸਲੀ ਰਾਸ਼ਟਰਵਾਦੀ ਹੈ।
ਜਿਕਰਯੋਗ ਹੈ ਕਿ ਮੂਸੇਵਾਲਾ ਦੇ ਸੋਸ਼ਲ ਮੀਡੀਆ ਚੈਨਲਾਂ ‘ਤੇ ਰਿਲੀਜ਼ ਹੋਏ ਇਸ ਗੀਤ ਨੂੰ ਕੁਝ ਹੀ ਘੰਟਿਆਂ ‘ਚ ਲੱਖਾਂ ਵਿਊਜ਼ ਮਿਲ ਚੁੱਕੇ ਹਨ। ਇਸ ਦੌਰਾਨ ਗੀਤ ਨੂੰ 7 ਲੱਖ ਤੋਂ ਵੱਧ ਲੋਕਾਂ ਨੇ ਪਸੰਦ ਕੀਤਾ ਅਤੇ ਲੱਖਾਂ ਵਿੱਚ ਕਮੈਂਟਸ ਆਏ ਹਨ । ਗੀਤ ਵਿੱਚ ਨਾਈਜੀਰੀਅਨ ਰੈਪਰ ਬਰਨਾ ਬੁਆਏ ਦੇ ਬੋਲ ਵੀ ਹਨ। ਇੰਗਲੈਂਡ ਵਿੱਚ ਮੂਸੇਵਾਲਾ (Sidhu Moosewala) ਦੇ ਮਾਪਿਆਂ ਨੇ ਬਰਨਾ ਬੁਆਏ ਨਾਲ ਮੁਲਾਕਾਤ ਕੀਤੀ ਸੀ |