ਚੰਡੀਗੜ, 22 ਮਾਰਚ 2025: ਸਾਬਕਾ ਹੈਵੀਵੇਟ ਚੈਂਪੀਅਨ ਜਾਰਜ ਫੋਰਮੈਨ (Boxer George Foreman) ਦਾ 76 ਸਾਲ ਦੀ ਉਮਰ ‘ਚ ਸ਼ੁੱਕਰਵਾਰ ਨੂੰ ਦਿਹਾਂਤ ਹੋ ਗਿਆ। ਫੋਰਮੈਨ ਦੇ ਪਰਿਵਾਰ ਨੇ ਇੰਸਟਾਗ੍ਰਾਮ ‘ਤੇ ਇੱਕ ਪੋਸਟ ਸਾਂਝੀ ਕਰਕੇ ਇਸਦੀ ਪੁਸ਼ਟੀ ਕੀਤੀ ਹੈ। ਪਰਿਵਾਰ ਨੇ ਕਿਹਾ ਕਿ ਸਾਡਾ ਦਿਲ ਟੁੱਟ ਗਿਆ ਹੈ। ਇਹ ਬਹੁਤ ਦੁੱਖ ਨਾਲ ਹੈ ਕਿ ਅਸੀਂ ਆਪਣੇ ਪਿਆਰੇ ਜਾਰਜ ਐਡਵਰਡ ਫੋਰਮੈਨ ਸੀਨੀਅਰ ਦੇ ਦਿਹਾਂਤ ‘ਤੇ ਸਦਮੇ ‘ਚ ਹਾਂ। ਜਾਰਜ ਫੋਰਮੈਨ ਨੇ 21 ਮਾਰਚ, 2025 ਨੂੰ ਅਲਵਿਦਾ ਕਹਿ ਦਿੱਤਾ।
ਕੌਣ ਸੀ ਮੁੱਕੇਬਾਜ਼ ਜਾਰਜ ਫੋਰਮੈਨ (Who is boxer George Foreman)
ਜਾਰਜ ਫੋਰਮੈਨ (Boxer George Foreman) ਉਨ੍ਹਾਂ ਮੁੱਕੇਬਾਜ਼ਾਂ ‘ਚੋਂ ਇੱਕ ਸੀ ਜੋ ਨਿਡਰ ਅਤੇ ਬੇਬਾਕ ਸਨ। ਉਸਦੇ ਅੰਕੜੇ ਇਸ ਗੱਲ ਦੇ ਗਵਾਹ ਹਨ ਕਿ ਫੋਰਮੈਨ ਨੇ 81 ਮੁੱਕੇਬਾਜ਼ੀ ਮੈਚ ਖੇਡੇ। ਇਹਨਾਂ ‘ਚੋਂ 76 ਜਿੱਤੇ ਸਨ। ਇਹਨਾਂ ‘ਚੋਂ 68 ਮੈਚ ਨਾਕਆਊਟ ਦੁਆਰਾ ਜਿੱਤੇ। ਉਹ ਸਿਰਫ਼ ਪੰਜ ਮੈਚਾਂ ‘ਚ ਹਾਰਿਆ। ਫੋਰਮੈਨ ਨੇ 1968 ਦੇ ਮੈਕਸੀਕੋ ਓਲੰਪਿਕ ‘ਚ ਹੈਵੀਵੇਟ ਡਿਵੀਜ਼ਨ ‘ਚ ਸੋਨ ਤਮਗਾ ਵੀ ਜਿੱਤਿਆ। ਉਹ ਪ੍ਰਸ਼ੰਸਕਾਂ ਦੇ ਪਸੰਦੀਦਾ ਮੁੱਕੇਬਾਜ਼ਾਂ ‘ਚੋਂ ਇੱਕ ਸੀ।
ਫੋਰਮੈਨ ਨੇ 1973 ‘ਚ ਉਸ ਸਮੇਂ ਦੇ ਅਜੇਤੂ ਮੁੱਕੇਬਾਜ਼ ਜੋਅ ਫਰੇਜ਼ੀਅਰ ਨੂੰ ਹਰਾ ਕੇ ਵਿਸ਼ਵ ਹੈਵੀਵੇਟ ਖਿਤਾਬ ਜਿੱਤਿਆ ਸੀ। ਫੋਰਮੈਨ ਨੇ ਦੋ ਵਾਰ ਆਪਣੇ ਹੈਵੀਵੇਟ ਖਿਤਾਬ ਦਾ ਬਚਾਅ ਕੀਤਾ। ਹਾਲਾਂਕਿ, ਉਹ 1974 ‘ਚ ਰੰਬਲ ਇਨ ਦ ਜੰਗਲ ਮੈਚ ‘ਚ ਮੁਹੰਮਦ ਅਲੀ ਤੋਂ ਇੱਕ ਪੇਸ਼ੇਵਰ ਮੈਚ ਹਾਰ ਗਿਆ ਸੀ।
ਇਸਤੋਂ ਬਾਅਦ ਰਿੰਗ ਤੋਂ 10 ਸਾਲ ਦੂਰ ਰਹਿਣ ਤੋਂ ਬਾਅਦ ਫੋਰਮੈਨ 1994 ‘ਚ ਮਾਈਕਲ ਮੂਰਰ ਦਾ ਸਾਹਮਣਾ ਕਰਨ ਲਈ ਵਾਪਸ ਆਇਆ ਅਤੇ ਉਸਨੂੰ ਹਰਾ ਕੇ ਉਸਦੇ ਦੋ ਹੈਵੀਵੇਟ ਬੈਲਟ ਹਾਸਲ ਕੀਤੇ। ਫੋਰਮੈਨ (46 ਸਾਲ, 169 ਦਿਨ) ਮੁੱਕੇਬਾਜ਼ੀ ‘ਚ ਵਿਸ਼ਵ ਹੈਵੀਵੇਟ ਚੈਂਪੀਅਨਸ਼ਿਪ ਜਿੱਤਣ ਵਾਲਾ ਸਭ ਤੋਂ ਵੱਧ ਉਮਰ ਦਾ ਆਦਮੀ ਬਣ ਗਿਆ। ਮਾਈਕਲ ਮੂਰਰ ਉਸ ਤੋਂ 19 ਸਾਲ ਛੋਟਾ ਸੀ।
Read More: ਭਾਰਤੀ ਨੌਜਵਾਨ ਮੁੱਕੇਬਾਜ਼ਾਂ ਨੇ ਏਸ਼ਿਆਈ ਅੰਡਰ-22 ਤੇ ਯੂਥ ਚੈਂਪੀਅਨਸ਼ਿਪ ‘ਚ ਤਿੰਨ ਤਮਗੇ ਕੀਤੇ ਪੱਕੇ