ਤਜੱਮੁਲ ਕਲੀਮ

ਫ਼ਕੀਰ ਰੂਹ ਪੰਜਾਬੀ ਸ਼ਾਇਰ ਤਜੱਮੁਲ ਕਲੀਮ

“ਗੱਲ ਜੀਣ ਤੇ ਮਰਨ ਦੀ ਛੱਡ ਦੇ
ਵੇ ਜੀਣ ਵਾਲੇ ਕੰਮ ਕਰ ਜਾ”

Tajamul Kaleem ਤਜੱਮੁਲ ਕਲੀਮ : ਸ਼ਾਇਦ 2008 ਦੀ ਫਰਵਰੀ ਦੇ ਦਿਨ ਸਨ, ਅੰਮ੍ਰਿਤਸਰ ਦੇ ਖ਼ਾਲਸਾ ਕਾਲਜ (ਵੋਮੈਨ) ‘ਚ ਕਿਸੇ ਸਾਹਤਿਕ ਸਮਾਗਮ ਦੀ ਸ਼ਾਮ ‘ਚ ਮੈਂ ਦਰਸ਼ਕਾਂ ਦੀ ਸਫ ‘ਚ ਬੈਠਾ ਸਾਂ। ਉਦੋਂ ਮੈਂ ਐਸੇ ਸਮਾਗਮਾਂ ਦੀ ਟੋਹ ‘ਚ ਰਹਿੰਦਾ ਸਾਂ ਅਤੇ ਸੂਹ ਮਿਲਦਿਆਂ ਹੀ ਬਿਨਾਂ ਕਿਸੇ ਸੱਦੇ-ਬੁਲਾਵੇ ਤੋਂ, ਬਿਨਾਂ ਕਿਸੇ ਜਾਣ-ਪਛਾਣ ਤੋਂ ਜਾ ਪਹੁੰਚਣਾ।

ਡਰ ਹੁੰਦਾ ਸੀ ਕਿ ਕੋਈ ਬਾਹਰਲਾ ਅਣਜਾਣ ਸਮਝਕੇ ਮੈਨੂੰ ਪ੍ਰੋਗਰਾਮ ‘ਚੋਂ ਭਜਾ ਈ ਨਾ ਦੇਵੇ, ਸੋ ਸਭ ਤੋਂ ਪਿਛਲੀ ਪੰਗਤ ਵਿਚ ਜਾ ਬਹਿਣਾ ਤੇ ਜੇ ਕੁਰਸੀ ਨਾ ਵੀ ਮਿਲਣੀ ਤਾਂ ਖੜੇ-ਖੜੋਤੇ ਹੀ ਸਾਰੇ ਬੁਲਾਰਿਆਂ ਨੂੰ ਬੜੀ ਰੀਝ ਤੇ ਸ਼ਿੱਦਤ ਨਾਲ ਸੁਣਨਾ। ਮੰਚ ਤੋਂ ਸੁਣਾਏ ਜਾਣ ਵਾਲੇ ਦਿਲ-ਲੱਗਦੇ ਸ਼ੇਅਰਾਂ, ਟੂਕਾਂ ਨੂੰ ਆਪਣੀ ਜੇਬ੍ਹ ਡਾਇਰੀ ‘ਤੇ ਨੋਟ ਕਰਨਾ, ਘਰੇ ਆਕੇ ਰਜਿਸਟਰ ‘ਤੇ ਅਪਡੇਟ ਕਰਨਾ।

ਸੋ, ਉਸ ਦਿਨ ਵੀ ਡਾਇਰੀ ਖੋਲ੍ਹੀ ਬੈਠਾ ਸਾਂ, ਅਨਾਊਂਸਮੈਂਟ ਹੋਈ ਕਿ ਹੁਣ ਲਹਿੰਦੇ ਪੰਜਾਬ ਦੇ ਸ਼ਾਇਰ ਤਜੱਮੁਲ ਕਲੀਮ ਮੁਖ਼ਾਤਬ ਹੋਣਗੇ। ਮੈਂ ਇਹ ਨਾਮ ਤਾਂ ਪਹਿਲੀ ਵਾਰ ਸੁਣਿਆ ਸੀ, ਸਗੋਂ ਲਹਿੰਦੇ ਪੰਜਾਬ ਤੋਂ ਆਇਆ ਹੋਇਆ ਕੋਈ ਬੰਦਾ ਵੀ ਪਹਿਲੀ ਵਾਰ ਹੀ ਵੇਖਿਆ ਸੀ। ਕਲੀਮ ਸਾਹਿਬ ਨੇ ਜਦੋਂ ਬੋਲਣਾ ਸ਼ੁਰੂ ਕੀਤਾ ਤਾਂ ਉਹਨਾਂ ਦੀ ਗੜਕਵੀਂ ਆਵਾਜ਼, ਓਧਰਲੀ ਬੋਲੀ ਦੀ ਮਿੱਠੜੀ ਲੈਅ ਤੇ ਅੰਦਾਜ਼ ਨੇ ਮਨ ਐਸਾ ਮੋਹਿਆ ਕਿ ਮੈਨੂੰ ਸ਼ੇਅਰ ਨੋਟ ਕਰਨ ਦਾ ਵੀ ਧਿਆਨ ਨਾ ਰਿਹਾ, ਬੱਸ ਸੁਣੀ ਗਿਆ ਤੇ ਸੁਣੀ ਗਿਆ |

ਪ੍ਰੋਗਰਾਮ ਤੋਂ ਬਾਅਦ ਚਾਹ ਵੇਲੇ ਮੈਂ ਕਲੀਮ ਸਾਹਿਬ ਨੂੰ ਮਿਲਿਆ ਤੇ ਅਣਭੋਲਪੁਣੇ ‘ਚ ਕਹਿ ਬੈਠਾ, “ਜੀ ਆਏ ਤਾਂ ਤੁਸੀਂ ਪਾਕਸਤਾਨੋਂ ਹੋ, ਪਰ ਪੰਜਾਬੀ ਵੇਖੋ ਕਿੱਡੀ ਸੋਹਣੀ ਬੋਲਣ ਡਏ ਜੇ”, ਇਹ ਸੁਣਦਿਆਂ ਹੀ ਕਲੀਮ ਸਾਹਿਬ ਭਾਵੁਕ ਹੋ ਗਏ, ਭਰੇ ਗੱਚ ਨਾਲ ਬੋਲੇ, “ਇਧਰ ਓਧਰ ਤਾਂ ਐਵੇਂ ਬਾਰਡਰ ਦਾ ਈ ਫਰਕ ਹੈ, ਆਪਾਂ ਇੱਕੋ ਮਾਂ-ਜਾਏ ਆਂ, ਇਹ ਮੇਰੀ ਮਾਂ ਦੀ ਬੋਲੀ ਹੈ, ਮੈਂ ਆਪਣੀ ਮਾਂ ਦੀ ਮਿੱਟੀ ‘ਤੇ ਈ ਖੜਾਂ ਐਸ ਵੇਲੇ” ਫਿਰ ਉਹਨਾਂ ਮੈਨੂੰ ਘੁੱਟ ਗਲਵਕੜੀ ਪਾਈ |

ਫਿਰ ਕੋਈ ਤਿੰਨ-ਚਾਰ ਸਾਲਾਂ ਮਗਰੋਂ ਯੂਟਿਊਬ ‘ਤੇ ਓਧਰਲੇ ਮੁਸ਼ਾਇਰਿਆਂ ‘ਚ ਕਲੀਮ ਸਾਹਿਬ ਦੇ ਵੀਡੀਓ ਦਿਖਣ ਲੱਗੇ। ਮੈਨੂੰ ਉਂਝ ਤਾਂ ਇਹ ਮੁਲਾਕਾਤ ਵਿਸਰ ਚੁੱਕੀ ਸੀ, ਪਰ ਉਹਨਾਂ ਦੇ ਗੜਕਵੇਂ ਅੰਦਾਜ਼ ਤੋਂ ਉਹਨਾਂ ਨੂੰ ਪਹਿਚਾਣ ਲਿਆ ਤੇ ਬੜੀ ਸ਼ਿੱਦਤ ਨਾਲ ਉਹਨਾਂ ਨੂੰ ਸੁਣਿਆ ਤੇ ਫਿਰ ਪੜਿਆ |

ਪੰਜਾਬੀ ਦਾ ਇਹ ਲਾਡਲਾ ਸ਼ਾਇਰ ਪੁੱਤ ਭਾਵੇਂ ਸਭ ਹੱਦਾਂ ਸਰਹੱਦਾਂ ਤੋਂ ਪਾਰ ਟੁਰ ਗਿਐ, ਪਰ ਉਹਦੇ ਸ਼ਾਇਰੀ ਸਦਾ ਦੀਵਾਨਿਆਂ ਦੀ ਜ਼ੁਬਾਨ ‘ਤੇ, ਉਹਨਾਂ ਦੇ ਧਿਆਨ ‘ਚ ਮੌਜੂਦ ਰਹੇਗੀ | ਉਹਨਾਂ ਦੀ ਸ਼ਾਇਰੀ ਪੜੋ, ਮੌਤ ਤੋਂ ਬੇਖੌਫ਼ ਰੂਹ ਦੇ ਦੀਦਾਰ ਹੋਣਗੇ, ਉਸ ਆਵਾਗਮਨ ਬਾਰੇ ਸਪੱਸ਼ਟ ਲਿਖਿਆ ਕਿ,

ਪਾਟਾ ਗਲਮਾ ਸੀਣ ਨਈਂ ਆਇਆ
ਅੱਜ ਮੈਂ ਅੱਥਰੂ ਪੀਣ ਨਈਂ ਆਇਆ
ਪਹਿਲੀ ਗੱਲ ਮੈਂ ਖੁਦ ਨਈਂ ਜੰਮਿਆ
ਦੂਜੀ ਗੱਲ ਮੈਂ ਜੀਣ ਨਈਂ ਆਇਆ

ਉਹ ਜੀਣ ਨਾਲੋਂ ‘ਜੀਣ ਵਾਲੇ ਕੰਮ’ ਕਰਨ ਦਾ ਆਸ਼ਕ ਸੀ, ਉਹਨੂੰ ਪਤਾ ਸੀ ਕਿ ਜੀਣ ਵਾਲੇ ਮਰ ਜਾਂਦੇ ਹਨ, ਪਰ ਜੀਣ ਵਾਲੇ ਕੰਮ ਕਰਦੇ ਲੋਕ ਕਦੇ ਨਹੀਂ ਮਰਦੇ, ਤਾਂ ਹੀ ਉਸ ਲਿਖਿਆ,

ਮੈਂ ਮਾਦਾ ਵਾਂ, ਮਾਦੇ ਨੇ ਸੱਜਣਾ, ਕਦੇ ਵੀ ਫੌਤ ਨਹੀਂ ਹੋਣਾ
ਅੱਖ ਮੀਟਾਂਗਾ, ਅੱਖ ਮੀਟਣ ਦਾ ਮਤਲਬ ਮੌਤ ਨਹੀਂ ਹੋਣਾ

ਉਸਦੀ ਸ਼ਾਇਰੀ ‘ਚ ਭੁੱਖੇ ਢਿੱਡਾਂ ਦੇ ਬਿਆਨ ਤੋਂ ਬਾਅਦ ਸਭ ਤੋਂ ਵੱਧ ਮੌਤ ਨੂੰ ਕਿਸੇ ਕਮਾਲ ਵਰਗਾ ਬਿਆਨ ਮਿਲਦਾ ਹੈ, ਤਾਂ ਹੀ ਉਨ੍ਹਾਂ ਕਿਹਾ ਕਿ

ਮਰਨ ਤੋਂ ਡਰਦੇ ਹੋ ਬਾਦਸ਼ਾਹੋ
ਕਮਾਲ ਕਰਦੇ ਹੋ ਬਾਦਸ਼ਾਹੋ
ਕਿਸੇ ਨੂੰ ਮਾਰਨ ਦਾ ਸੋਚਦੇ ਹੋ
ਕਿਸੇ ‘ਤੇ ਮਰਦੇ ਹੋ ਬਾਦਸ਼ਾਹੋ

ਆਉਣ ਜਾਣ ਦੀ ਖੇਡ ਬਾਰੇ ਚੜ੍ਹਦੀ ਕਲਾ ਨਾਲ ਭਰੀ ਐਸੀ ਬਾਰੀਕ ਸਮਝ, ਵਿਰਲੀਆਂ ਫ਼ਕੀਰ ਰੂਹਾਂ ਦੇ ਹਿੱਸੇ ਆਂਵਦੀ ਏ, ਕਲੀਮ ਸਾਹਿਬ ਵਿਰਲੇ ਸਨ | ਜੇ ਤੁਸੀਂ ਮੈਨੂੰ ਸੁੱਤੇ ਪਏ ਨੂੰ ਵੀ ਜਗਾ ਕੇ ਪੁੱਛੋਂਗੇ, ਤੈਨੂੰ ਪਾਕਿਸਤਾਨੋਂ ਕੌਣ ਵਧੀਆ ਲੱਗਦੈ ? ਮੇਰਾ ਇੱਕੋ ਜਵਾਬ ਹੋਵੇਗਾ, ਤਜੱਮੁਲ ਕਲੀਮ ਕਮਾਲ ਦਾ ਸ਼ਾਇਰ ਕਮਾਲ ਲਿਖਦੇ ਸਨ, ਕਮਾਲ ਦੀ ਪੇਸ਼ਕਾਰੀ ਕਰਦਾ ਸੀ | ਮੈਂ ਪਹਿਲਾ ਸ਼ਾਇਰ ਵੇਖਿਆ ਜਿਸਦੀਆਂ ਅੱਖਾਂ ਬੋਲਦੀਆਂ ਸਨ, ਜਿਵੇਂ ਦੇਬੀ ਮਖਸੂਸਪੁਰੀ |

1960 ‘ਚ ਗਰੀਬੀ ਚ ਜੰਮਿਆ ਅਤੇ ਮਸ਼ਹੂਰੀ ਬਹੁਤ ਹੋਈ, ਪਰ ਗਰੀਬੀ ਹੋਰ ਵਧੀ ਗਈ |ਤਾੜੀਆਂ ਅਤੇ ਵਾਹ ਵਾਹ ਢਿੱਡ ਨੀ ਭਰਦੇ| ਸਾਰੀ ਉਮਰ ਤੰਗੀਆਂ ਨਾਲ਼ ਲੜਦਿਆਂ ਗੁਜਰਗੀ | ਲੋਕਾਂ ਸੁਣਿਆ-ਸਲਾਹਿਆ ਬਹੁਤ, ਪਰ ਕਿਸੇ ਨੇ ਬਾਂਹ ਨੀ ਫੜੀ| ਉਹੀ ਮੈਲ਼ੇ ਕੱਪੜੇ, ਚਿਹਰੇ ਤੋਂ ਗੁਰਬਤ, ਹਰੇਕ ਮੁਸ਼ਾਇਰੇ ‘ਚ ਵੇਖੀ ਮੈਂ | ਅੱਖਾਂ ‘ਚ ਅੱਥਰੂ ਲੈ ਕੇ ਆਹ ਸ਼ੇਅਰ ਪੜਦੇ ਵੇਖਿਆ, ਭੁੱਖੇ ਢਿੱਡ ਨੂੰ ਕੋਟ ਦੇ ਪਿੱਛੇ “ਐਬਾਂ ਵਾਂਗ ਲੁਕੋਈਂ ਫਿਰਨਾਂ | ਬਿਮਾਰ ਹੋ ਗਏ, ਪਰ ਦਵਾਈ ਬੂਟੀ ਜੋਗੇ ਵੀ ਪੈਸੇ ਨਹੀਂ ਸਨ | ਗਰੀਬੀ ਨਾਲ਼ ਲੜਦਿਆਂ ਕਲੀਮ ਸਾਹਿਬ ਜਹਾਨੋਂ ਤੁਰ ਗਏ |

“ਮੇਰਾ ਬਿਜਲੀ ਦਾ ਮੀਟਰ ਕੱਟ ਦਿੱਤਾ ਗਿਆ, ਮਸਾਂ ਪੈਸੇ ਪੂਸੇ ਕੱਠੇ ਕਰਕੇ ਫੇਰ ਚਾਲੂ ਕਰਵਾਇਆ । ਫਿਰ ਮੈਂ ਜ਼ਿਆਦਾ ਬਿਮਾਰ ਹੋ ਗਿਆ। ਦੋਸਤ ਹਸਪਤਾਲ ਲੈ ਗਏ, ਚਾਰ ਦਿਨ ਬਾਅਦ ਹੀ ਮੀਟਰ ਫਿਰ ਕੱਟ ਦਿੱਤਾ ਗਿਆ। ਮੇਰੇ ਕੋਲੋਂ ਬਿਜਲੀ ਬਿੱਲ ਹੀ ਸੂਤ ਨਹੀਂ ਆਇਆ।”ਇਹ ਦੱਸਦਾ ਹੋਇਆ ਤਜੱਮੁਲ ਕਲੀਮ ਆਪਣੀ ਦਸ਼ਾ ਤੇ ਸਰਕਾਰ ਦੀ ਦੁਰਦਸ਼ਾ ਬਿਆਨ ਕਰ ਰਿਹਾ ਹੈ। ਇਹ ਕਦਰ ਕੀਮਤ ਸੀ ਇਕ ਸ਼ਾਇਰ ਦੀ। ਸ਼ਿਅਰਾਂ ‘ਚ ਰੌਸ਼ਨੀ ਪੈਦਾ ਕਰਨ ਵਾਲਾ ਘਰ ‘ਚ ਰੌਸ਼ਨੀ ਲਈ ਤੜਪਦਾ ਰਿਹਾ।

ਜਦੋਂ ਕਲੀਮ ਨੇ ਸੁਣਿਆ ਕਿ ਮੁਨੀਰ ਨਿਆਜ਼ੀ ਨੇ ਇਹ ਕਿਹਾ ਕਿ ਮੈਂ ਉਰਦੂ ‘ਚ ਤਾਂ ਲਿਖਦਾਂ ਕਿਉਂਕਿ ਪੰਜਾਬੀ ਜ਼ੁਬਾਨ ਇਸ ਕਾਬਿਲ ਨਹੀਂ ਹੈ ਤਾਂ ਉਰਦੂ ‘ਚ ਗ਼ਜ਼ਲਾਂ ਲਿਖਣ ਵਾਲੇ ਤਜੱਮੁਲ ਨੇ ਆਪਣੀ ਉਰਦੂ ਸ਼ਾਇਰੀ ਤਿਆਗ ਦਿੱਤੀ | ਮੁਨੀਰ ਨਿਆਜ਼ੀ ਦੇ ਮਿਹਣੇ ਨੂੰ ਦਿਲ ‘ਤੇ ਲਾ ਲਿਆ ਤੇ ਆਪਣੇ ਪੰਜਾਬੀ ਕਲਾਮ ਰਾਹੀਂ ਇਹ ਸਾਬਿਤ ਕਰ ਦਿੱਤਾ ਕਿ ਪੰਜਾਬੀ ‘ਚ ਵੀ ਉਰਦੂ ਦੇ ਮੁਕਾਬਲੇ ਦੀ ਸ਼ਾਇਰੀ ਹੋ ਸਕਦੀ ਹੈ। ਤਜੱਮੁਲ ਨੇ ਛੋਟੀ ਬਹਿਰ ‘ਚ ਵੱਡੇ ਕਮਾਲ ਕੀਤੇ।

“ ਚੁੱਪ, ਸਮੁੰਦਰ, ਲਹਿਰ ਤੇ ਮੈਂ
ਫਿਰ ਇਕ ਛੋਟੀ ਬਹਿਰ ਤੇ ਮੈਂ”

ਕਲੀਮ ਦਾ ਫ਼ਾਰਸੀ ‘ਚ ਅਰਥ ਹੈ ਕਵੀ, ਜ਼ਖ਼ਮੀ ਤੇ ਤਜੱਮੁਲ ਦਾ ਅਰਥ ਹੈ ਸ਼ਿੰਗਾਰ, ਸਜਾਵਟ, ਸ਼ਾਨੋ ਸ਼ੌਕਤ।

ਤਜੱਮੁਲ ਕਲੀਮ ਨੇ ਬੜੀ ਸ਼ਾਨੋ-ਸ਼ੌਕਤ ਨਾਲ ਗ਼ਜ਼ਲਾਂ ‘ਚ ਆਪਣੇ ਜ਼ਖ਼ਮਾਂ ਨੂੰ ਸਜਾਇਆ। ਸ਼ਿਅਰਾਂ ‘ਚ ਉਸਦੇ ਸੰਕੇਤ ਬੜੇ ਤਿੱਖੇ ਪਰ ਸਰਲ ਤੇ ਅਨੁਭਵੀ ਹਨ।ਉਨ੍ਹਾਂ ਨੇ ਤੋਟਾਂ, ਭੁੱਖਾਂ ਪਿੰਡੇ ‘ਤੇ ਹੰਢਾਈਆਂ ਹਨ।

ਬਾਲਾਂ ਦੀ ਭੁੱਖ ਦੇਖ ਸੱਕੀ ਨਾ
ਰੋਟੀ ਚੀਕਾਂ ਮਾਰਨ ਲੱਗ ਪਈ
ਭੁੱਖ ਲੱਗੀ ਤੇ ਨਜ਼ਰ ਨਈਂ ਆਣੀ ਲੋਕਾਂ ਨੂੰ
ਢਿੱਡ ਤੇ ਮੈਨੂੰ ਚਿੱਟਾ ਨੰਗਾ ਲੱਗਿਆ ਏ
ਲੱਕ ਸਿੱਧਾ ਨਈਂ ਕੀਤਾ ਜਾਂਦਾ
ਢਿੱਡ ਦੀ ਮਾਰ ਅਖੀਰ ਏ ਭਾਜੀ
ਸਾਨੂੰ ਫੇਰ ਜੇ ਬਣਾਉਣਾ ਚਾਹਵੋ
ਇਹ ਢਿੱਡ ਭਾਵੇਂ ਰਹਿਣ ਦਿਓ ਜੀ

ਕਲੀਮ ਆਖਦਾ ਏ ”ਜਾਇਦਾਦਾਂ ਕਲੀਮ ਰੱਖਣਾ ਨਈਂ
ਮੈਨੂੰ ਰੱਖਣਾ ਮੇਰੀਆਂ ਗ਼ਜ਼ਲਾਂ
ਗ਼ਜ਼ਲਾਂ ਨੇ ਸ਼ਾਇਰ ਮਰਨ ਤੋਂ ਬਾਅਦ ਵੀ ਜਿਉਂਦਾ ਰੱਖ ਲਿਆ ਨਹੀਂ ਤਾਂ ਮਰਨਾ ਵੀ ਮੁਹਾਲ ਏ।

“ਮੈਂ ਸਿਰ ਚੜ੍ਹ ਕੇ ਮਰਨਾ ਏ
ਮਰਨ ਤੇ ਦੇਵੋ ਚੱਜ ਦੇ ਨਾਲ”

ਕਲੀਮ ਕਲਾਮ ਦਾ ਵੱਡਾ ਗੁਣ ਸੀ ਸਾਦਗੀ ਤੇ ਖ਼ਿਆਲ ‘ਚ ਤਾਜ਼ਗੀ।

ਕੱਲ੍ਹ ਜੇ ਮੈਂ ਸਾਂ ਹੱਸਿਆ ਭਾਜੀ
ਮੈਨੂੰ ਕਿਉਂ ਨਈਂ ਦੱਸਿਆ ਭਾਜੀ
ਦੁਨੀਆ ਜਦ ਮੇਰੇ ਵੱਲ ਨੱਸੀ
ਮੈਂ ਅਪਣੇ ਵੱਲ ਨੱਸਿਆ ਭਾਜੀ
ਅੱਖਾਂ ਵਿੱਚ ਇੱਕ ਧੀ ਏ ਇੱਕ ਖਿਡੌਣਾ ਏ
ਘਰ ਜਾ ਕੇ ਅੱਜ ਫੇਰ ਮੈਂ ਲੁਕ ਕੇ ਰੋਣਾ ਏ
ਹੋਸ਼ ਪੁੱਛਿਆ ਨਸ਼ੇ ਦੀ ਲਹਿਰ ਦੇ ਵਿਚ
ਜ਼ਹਿਰ ਕਿੰਨੀ ਕੁ ਹੁੰਦੀ ਏ ਜ਼ਹਿਰ ਦੇ ਵਿਚ
ਹੱਥੀਂ ਯਾਦਾਂ ਦੇ ਮਹਿਲ ਉਜਾੜ ਦਿੱਤੇ
ਖ਼ਤ ਯਾਰ ਦੇ ਚੁੰਮੇ ਤੇ ਪਾੜ ਦਿੱਤੇ
ਮੈਂ ਚੁੱਪ ਆਂ ਤੂੰ ਡਰਿਆ ਫਿਰਨੈਂ
ਤੈਨੂੰ ਚੀਕ ਵੀ ਚੀਕ ਨਈਂ ਲੱਗਦੀ
ਕਾਂ ਤੇ ਜੋ ਕਹਿਣਾ ਸੀ ਆ ਕੇ ਕਹਿ ਗਿਆ
ਮੈਂ ਪ੍ਰਾਹੁਣੇ ਨੂੰ ਉਡੀਕਣ ਬਹਿ ਗਿਆ
ਖੋਹ ਪੈਂਦੀ ਨੂੰ ਸਮਝੇਂਗਾ
ਤੇਰਾ ਪੁੱਤਰ ਮੋਇਆ ਤੇ
ਬਾਤ ਪਤੇ ਦੀ ਦੱਸੇਗਾ
ਇਹ ਜੇ ਪਾਗਲ ਹੋਇਆ

ਤਜੱਮੁਲ ਕਲੀਮ ਬਹੁਤ ਕੁਝ ਆਪਣੀ ਇਸ ਗ਼ਜ਼ਲ ‘ਚ ਕਹਿ ਗਿਆ

ਅੱਖ ਦੇ ਅੱਥਰੂ ਪੀ ਪੁੱਤਰ, ਤਕੜਾ ਹੋ ਕੇ ਜੀ ਪੁੱਤਰ
ਪੈਸੇ ਨਈਂ ਕੁਝ ਵੇਲਾ ਕੱਢ, ਇਕ ਗੱਲ ਕਰਨੀ ਸੀ ਪੁੱਤਰ
ਤੇਰਾ ਘੋੜਾ ਬਣਦਾ ਸਾਂ, ਇਹ ਗੱਲ ਚੇਤੇ ਈ ਪੁੱਤਰ?
ਅੱਜ ਮੈਂ ਭਾਰ ਹਾਂ ਤੇਰੇ ਤੇ, ਬਾਤ ਏ ਸੋਚਣ ਦੀ ਪੁੱਤਰ
“ਤੂੰ” ਤੇ ਆਖੀਂ ਬੈਠਾ ਏ, ਹੋਰ ਕੀ ਕਹਿਣਾ ਏ ਪੁੱਤਰ
ਮਾਂ ਬੋਲੀ ਨਾ ਭੁੱਲ ਜਾਵੀਂ, ਪੜ੍ਹ ਕੇ ਏ ਬੀ ਸੀ ਪੁੱਤਰ
ਉੰਝ ਤੇ ਸ਼ਾਹ-ਸਤ ਨਿਅਮਤ ਨੇ, ਵੱਡੀ ਨਿਅਮਤ ਧੀ ਪੁੱਤਰ

ਇਨਾਮ ਵੀ ਕਲੀਮ ਨੂੰ ਕੋਈ ਨਹੀਂ ਮਿਲਿਆ। ਕਲੀਮ ਆਖਦੈ ਕਿ ਕਿਸੇ ਮਨਿਸਟਰ ਦਾ ਕੋਈ ਦਬਾਅ ਹੋਵੇ ਤਾਂ ਮਿਲਦਾ। ਪਰ ਲੋਕਾਂ ਨੂੰ ਕਲੀਮ ਗ਼ਜ਼ਲਾਂ ਦਾ ਅਨਮੋਲ ਤੋਹਫ਼ਾ ਦਿ ਗਿਆ। ਲੋਕਾਂ ਨੇ ਉਸਦੀ ਸ਼ਾਇਰੀ ਦਾ ਦਿਲੋਂ ਸਨਮਾਨ ਕੀਤਾ ਤੇ ਇੱਥੇ ਮਨਿਸਟਰ ਦੀ ਕੋਈ ਨਈਂ ਚੱਲਦੀ।

“ ਗੱਲ ਨੇ ਵੱਡਾ ਛੋਟਾ ਕਰਨੈ
ਲੋਕ ਕਲੀਮਾ ਕੱਦ ਨਈਂ ਵੇਂਹਦੇ”

ਕਲੀਮ ਦੇ ਕਲਾਮ ਨੂੰ ਸਲਾਮ। ਸਜਦਾ ਉਸਦੀ ਸ਼ਾਇਰੀ ਨੂੰ | ਮੌਤ ਬਹਿਸ਼ਤਾਂ ਵੱਲੇ ਲੈ ਕੇ ਤੁਰ ਪਈ ਏ, ਸਾਨੂੰ ਜਦੋਂ ਜ਼ਮੀਨ ਦੀ ਆਦਤ ਪੈ ਗਈ।

~ਗੁਰਨੀਤ ਕੌਰ~

  The Unmute

Read More: Tribute to Jagjit Singh: ਸ਼ੁਰੀਲੀ ਆਵਾਜ਼ ਦੇ ਜਾਦੂਗਰ ਜਗਜੀਤ ਸਿੰਘ ਦੀ ਅਣਕਹੀ ਕਹਾਣੀ !

Scroll to Top