Eye donation

ਅੱਖਾਂ ਦਾਨ ਕਰਨ ਸੰਬੰਧੀ ਸਹਿਮਤੀ ਫ਼ਾਰਮ ਭਰਵਾਏ ਜਾਣਗੇ: ਡਾ. ਮਹੇਸ਼ ਕੁਮਾਰ

ਐਸ.ਏ.ਐਸ.ਨਗਰ, 24 ਅਗਸਤ, 2023: ਜ਼ਿਲ੍ਹਾ ਸਿਹਤ ਵਿਭਾਗ ਵਲੋਂ ਅੱਖਾਂ ਦਾਨ (Eye donation) ਪੰਦਰਵਾੜਾ 25 ਅਗਸਤ ਤੋਂ 8 ਸਤੰਬਰ ਤੱਕ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਵਿਸਥਾਰਤ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਮਹੇਸ਼ ਕੁਮਾਰ ਆਹੂਜਾ ਅਤੇ ਸਹਾਇਕ ਸਿਵਲ ਸਰਜਨ ਡਾ. ਰੇਨੂੰ ਸਿੰਘ ਨੇ ਦੱਸਿਆ ਕਿ ਇਸ ਪੰਦਰਵਾੜੇ ਦਾ ਮੁੱਖ ਉਦੇਸ਼ ਲੋਕਾਂ ਨੂੰ ਅੱਖਾਂ ਦੇ ਦਾਨ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਹੈ। ਉਨ੍ਹਾਂ ਦਸਿਆ ਕਿ ਪੰਦਰਵਾੜੇ ਦੌਰਾਨ ਲੋਕਾਂ ਨੂੰ ਪ੍ਰੇਰਿਤ ਕਰ ਕੇ ਅੱਖਾਂ ਦਾਨ ਕਰਨ ਸਬੰਧੀ ਸਹਿਮਤੀ ਫ਼ਾਰਮ ਭਰਵਾਏ ਜਾਣਗੇ। ਇਹ ਫ਼ਾਰਮ ਸਰਕਾਰੀ ਸਿਹਤ ਸੰਸਥਾਵਾਂ ਵਿਚ ਉਪਲਭਧ ਹਨ ਅਤੇ ਕੋਈ ਵੀ ਚਾਹਵਾਨ ਵਿਅਕਤੀ ਉਥੇ ਜਾ ਕੇ ਫ਼ਾਰਮ ਭਰ ਸਕਦਾ ਹੈ।
ਸਿਹਤ ਅਧਿਕਾਰੀਆਂ ਨੇ ਕਿਹਾ ਕਿ ਅੱਖਾਂ ਦਾ ਦਾਨ (Eye donation) ਮਨੁੱਖਤਾ ਦੀ ਭਲਾਈ ਦਾ ਕਾਰਜ ਹੈ ਅਤੇ ਹਰ ਕਿਸੇ ਨੂੰ ਫ਼ਾਰਮ ਭਰ ਕੇ ਅੱਖਾਂ ਦਾਨ ਕਰਨ ਦਾ ਤਹਈਆ ਕਰਨਾ ਚਾਹੀਦਾ ਹੈ  ਤਾਂ ਕਿ ਮਰਨ ਉਪਰੰਤ ਅੱਖਾਂ ਕੱਢ ਕੇ ਕਿਸੇ ਨੇਤਰਹੀਣ ਵਿਅਕਤੀਆਂ ਨੂੰ ਲਾਈਆਂ ਜਾ ਸਕਣ ਤੇ ਉਹ ਵੀ ਦੁਨੀਆਂ ਦੇ ਰੰਗ ਵੇਖ ਸਕੇ। ਭਾਰਤ ਵਿਚ ਲੱਖਾਂ ਲੋਕ ਨੇਤਰਹੀਣਤਾ ਦਾ ਸ਼ਿਕਾਰ ਹਨ ਅਤੇ ਇਨ੍ਹਾਂ ਵਿਚੋਂ ਬਹੁਤੇ ਲੋਕ ਦਾਨ ਕੀਤੀਆਂ ਅੱਖਾਂ ਰਾਹੀਂ ਵੇਖ ਸਕਦੇ ਹਨ ਪਰ ਦੁੱਖ ਦੀ ਗੱਲ ਹੈ ਕਿ ਸਾਡੇ ਦੇਸ਼ ਵਿਚ ਅੱਖਾਂ ਦਾਨ ਕਰਨ ਵਾਲਿਆਂ ਦੀ ਗਿਣਤੀ ਬਹੁਤ ਘੱਟ ਹੈ।
ਡਾ. ਮਹੇਸ਼ ਕੁਮਾਰ ਨੇ ਕਿਹਾ ਕਿ ਅੱਖਾਂ ਸਾਡੇ ਸਰੀਰ ਦਾ ਅਤਿ ਅਹਿਮ ਅੰਗ ਹਨ, ਇਸ ਲਈ ਇਨ੍ਹਾਂ ਦੀ ਜਾਂਚ ਹਰ ਛੇ ਮਹੀਨੇ ਮਗਰੋਂ ਘੱਟੋ-ਘੱਟ ਇਕ ਵਾਰ ਜ਼ਰੂਰ ਕਰਾਉਣੀ ਚਾਹੀਦੀ ਹੈ। ‘ਅੱਖਾਂ ਗਈਆਂ ਤਾਂ ਜਹਾਨ ਗਿਆ’ ਕਹਾਵਤ ਅੱਖਾਂ ਦੀ ਅਹਿਮੀਅਤ ਬਾਰੇ ਦਸਦੀ ਹੈ ਕਿ ਜੇ ਅੱਖਾਂ ਬਿਨਾਂ ਦੁਨੀਆਂ ਹਨੇਰਮਈ ਹੋ ਜਾਂਦੀ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਅੱਖਾਂ ਦੇ ਦਾਨ ਦੀ ਮੁਹਿੰਮ ਵਿਚ ਅੱਗੇ ਹੋ ਕੇ ਯੋਗਦਾਨ ਪਾਉਣ ਅਤੇ ਆਪਣੇ ਪਰਿਵਾਰ ਦੇ ਜੀਆਂ, ਰਿਸ਼ਤੇਦਾਰਾਂ, ਦੋਸਤਾਂ ਨੂੰ ਵੀ ਇਸ ਨੇਕ ਕੰਮ ਲਈ ਪ੍ਰੇਰਿਤ ਕਰਨ। ਵਧੇਰੇ ਜਾਣਕਾਰੀ ਲਈ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿਚ ਪੁਤਲੀ ਬਦਲਣ ਦੇ ਮੁਫ਼ਤ ਆਪਰੇਸ਼ਨ ਕੀਤੇ ਜਾਂਦੇ ਹਨ।

ਅੱਖਾਂ ਦੇ ਦਾਨ ਬਾਰੇ ਕੁਝ ਅਹਿਮ ਤੱਥ

ਅੱਖਾਂ ਦਾਨ ਕਰਨ ਦਾ ਫ਼ੈਸਲਾ ਮੌਤ ਤੋਂ ਪਹਿਲਾਂ ਕੀਤਾ ਜਾ ਸਕਦਾ ਹੈ ਅਤੇ ਅੱਖਾਂ ਦਾ ਦਾਨ ਕੇਵਲ ਮੌਤ ਤੋਂ ਬਾਅਦ ਹੀ ਹੁੰਦਾ ਹੈ। ਅੱਖਾਂ ਦਾਨ ਕਰਨ ਲਈ ਫ਼ਾਰਮ ਭਰਿਆ ਜਾਂਦਾ ਹੈ। ਮੌਤ ਤੋਂ 6 ਤੋਂ 8 ਘੰਟਿਆਂ ਦੇ ਅੰਦਰ ਅੱਖਾਂ ਦਾਨ ਹੋਣੀਆਂ ਚਾਹੀਦੀਆਂ ਹਨ। ਕਿਸੇ ਵੀ ਉਮਰ ਦਾ ਵਿਅਕਤੀ ਅੱਖਾਂ ਦਾਨ ਕਰ ਸਕਦਾ ਹੈ ਚਾਹੇ ਉਸ ਦੇ ਐਨਕਾਂ ਲੱਗੀਆਂ ਹੋਣ, ਅੱਖਾਂ ਦਾ ਅਪਰੇਸ਼ਨ ਹੋਇਆ ਹੋਵੇ, ਲੈਨਜ਼ ਪਏ ਹੋਣ। ਏਡਜ਼, ਪੀਲੀਆ, ਬਲੱਡ ਕੈਂਸਰ ਤੇ ਦਿਮਾਗ਼ੀ ਬੁਖ਼ਾਰ ਆਦਿ ਬੀਮਾਰੀਆਂ ਤੋਂ ਪੀੜਤ ਵਿਅਕਤੀ ਅੱਖਾਂ ਦਾਨ ਨਹੀਂ ਕਰ ਸਕਦੇ। ਅੱਖਾਂ ਕੱਢਣ ’ਚ ਸਿਰਫ਼ 10-15 ਮਿੰਟ ਲਗਦੇ ਹਨ ਅਤੇ ਇਸ ਪ੍ਰਕਿਆ ਵਿਚ ਚਿਹਰੇ ਉਤੇ ਕੋਈ ਨਿਸ਼ਾਨ ਜਾਂ ਦਾਗ਼ ਨਹੀਂ ਲੱਗਦਾ ।
Scroll to Top