Sangrur

ਡਿਪਟੀ ਕਮਿਸ਼ਨਰ ਸੰਗਰੂਰ ਦੀਆਂ ਹਦਾਇਤਾਂ ’ਤੇ ਜ਼ਿਲ੍ਹੇ ’ਚ ਸਕੂਲੀ ਵਾਹਨਾਂ ਦੀ ਵਿਆਪਕ ਚੈਕਿੰਗ

ਸੰਗਰੂਰ, 15 ਅਪ੍ਰੈਲ, 2024: ਜ਼ਿਲ੍ਹਾ ਸੰਗਰੂਰ ਵਿੱਚ ਸਕੂਲੀ ਬੱਸਾਂ ਨੂੰ ਬੱਚਿਆਂ ਲਈ ਸੁਰੱਖਿਅਤ ਬਣਾਉਣ ਅਤੇ ਅਣਸੁਖਾਵੀਂਆਂ ਘਟਨਾਵਾਂ ਨੂੰ ਵਾਪਰਨ ਤੋਂ ਰੋਕਣ ਦੇ ਉਦੇਸ਼ ਨਾਲ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਦਿੱਤੇ ਹੁਕਮਾਂ ਦੀ ਪਾਲਣਾ ਕਰਦਿਆਂ ਅੱਜ ਜ਼ਿਲ੍ਹੇ ਦੀਆਂ ਸਮੂਹ ਸਬ ਡਵੀਜ਼ਨਾਂ ਵਿੱਚ ਉਪ ਮੰਡਲ ਮੈਜਿਸਟਰੇਟਾਂ ਅਤੇ ਡੀ.ਐਸ.ਪੀਜ਼ ਦੇ ਨਾਲ-ਨਾਲ ਰੀਜ਼ਨਲ ਟਰਾਂਸਪੋਰਟ ਅਧਿਕਾਰੀ ਵੱਲੋਂ ਵੱਖ-ਵੱਖ ਸਕੂਲੀ ਵਾਹਨਾਂ ਦਾ ਚੈਕਿੰਗ ਅਭਿਆਨ ਚਲਾਇਆ ਗਿਆ।

ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਜਾਂਚ ਪੜਤਾਲ ਲਈ ਤਾਇਨਾਤ ਟੀਮਾਂ ਨੇ ਸਕੂਲੀ ਵਾਹਨਾਂ ’ਚ ਫਿਟਨੈਸ ਸਰਟੀਫਿਕੇਟ, ਅਧਿਕਾਰਤ ਬੈਠਣ ਸਮਰੱਥਾ, ਸਪੀਡ ਗਵਰਨਰ, ਬੱਸ ਡਰਾਈਵਰਾਂ ਦੇ ਲਾਇਸੰਸਾਂ, ਸੇਫ ਸਕੂਲ ਵਾਹਨ ਪਾਲਸੀ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਸਬੰਧੀ ਹੋਰ ਮਾਪਦੰਡਾਂ ਦੀ ਜਾਂਚ ਕੀਤੀ ਅਤੇ ਇਸ ਦੌਰਾਨ ਊਣਤਾਈਆਂ ਸਾਹਮਣੇ ਆਉਣ ’ਤੇ ਨਿਯਮਾਂ ਮੁਤਾਬਕ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ।

ਐਸ.ਡੀ.ਐਮ ਸੰਗਰੂਰ ਚਰਨਜੋਤ ਸਿੰਘ ਵਾਲੀਆ ਅਤੇ ਆਰ.ਟੀ.ਓ ਕੁਲਦੀਪ ਬਾਵਾ ਨੇ ਦੱਸਿਆ ਕਿ ਅੱਜ ਚੈਕਿੰਗ ਦੌਰਾਨ 9 ਸਕੂਲੀ ਵਾਹਨਾਂ ਦੇ ਚਲਾਨ ਕੱਟੇ ਗਏ ਅਤੇ 1 ਵਾਹਨ ਨੂੰ ਇੰਪਾਊਂਡ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਲਗਾਤਾਰ ਜਾਰੀ ਰੱਖੀ ਜਾਵੇਗੀ ਅਤੇ ਸਕੂਲੀ ਵਿਦਿਆਰਥੀਆਂ ਦੀ ਜਾਨ ਨੂੰ ਜੋਖਿਮ ਪਾਉਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਕੀਤੀ ਜਾਂਚ ਦੌਰਾਨ ਇੰਸ਼ੋਰੈਂਸ, ਫਿਟਨੈਸ ਸਰਟੀਫਿਕੇਟ, ਸੁਰੱਖਿਆ ਮਾਪਦੰਡਾਂ ਨੂੰ ਚੈਕ ਕੀਤਾ ਗਿਆ ਅਤੇ ਹਦਾਇਤਾਂ ਦੀ ਉਲੰਘਣਾ ਸਾਹਮਣੇ ਆਉਣ ’ਤੇ ਇਹ ਕਾਰਵਾਈ ਕੀਤੀ ਗਈ ਹੈ।

ਇਸੇ ਦੌਰਾਨ ਐਸ.ਡੀ.ਐਮ ਭਵਾਨੀਗੜ੍ਹ ਵਿਨੀਤ ਕੁਮਾਰ ਨੇ ਦੱਸਿਆ ਕਿ ਪੁਲਿਸ ਦੇ ਸਹਿਯੋਗ ਨਾਲ ਭਵਾਨੀਗੜ੍ਹ ਵਿਖੇ ਸਕੂਲਾਂ ਤੇ ਕਾਲਜਾਂ ਦੇ ਵਾਹਨਾਂ ਦੀ ਜਾਂਚ ਕੀਤੀ ਗਈ ਅਤੇ 10 ਵਾਹਨਾਂ ਦੇ ਚਲਾਨ ਕੱਟੇ ਗਏ ਜਦਕਿ 1 ਵਾਹਨ ਨੂੰ ਇੰਪਾਊਂਡ ਕੀਤਾ ਗਿਆ ਹੈ।

ਐਸ.ਡੀ.ਐਮ ਸੁਨਾਮ ਪਰਮੋਦ ਸਿੰਗਲਾ ਨੇ ਦੱਸਿਆ ਕਿ ਆਰ.ਟੀ.ਓ ਸਮੇਤ ਅੱਜ ਸੁਨਾਮ ਵਿੱਚ ਵੱਖ ਵੱਖ ਥਾਈ ਚੈਕਿੰਗ ਕੀਤੀ ਗਈ। ਐਸ.ਡੀ.ਐਮ ਦਿੜ੍ਹਬਾ ਰਾਜੇਸ਼ ਸ਼ਰਮਾ ਦੀ ਅਗਵਾਈ ਹੇਠਲੀ ਟੀਮ ਨੇ 2 ਸਕੂਲੀ ਵਾਹਨਾਂ ਦੇ ਚਲਾਨ ਕੀਤੇ ਜਦਕਿ ਐਸ.ਡੀ.ਐਮ ਲਹਿਰਾ ਤੇ ਮੂਨਕ ਸੂਬਾ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ 20 ਦੇ ਕਰੀਬ ਸਕੂਲੀ ਵਾਹਨਾਂ ਦੀ ਜਾਂਚ ਕਰਦਿਆਂ 3 ਚਲਾਨ ਕੱਟੇ ਗਏ ਤੇ 1 ਵਾਹਨ ਇੰਪਾਊਂਡ ਕੀਤਾ ਗਿਆ।

ਇਸ ਤੋਂ ਇਲਾਵਾ ਧੂਰੀ ਵਿਖੇ ਸਕੂਲੀ ਵਾਹਨਾਂ ਦੀ ਜਾਂਚ ਦੌਰਾਨ ਐਸ.ਡੀ.ਐਮ ਅਮਿਤ ਗੁਪਤਾ ਤੇ ਆਰ.ਟੀ.ਓ ਕੁਲਦੀਪ ਬਾਵਾ ਨੇ 4 ਵਾਹਨਾਂ ਦੇ ਚਲਾਨ ਕੱਟੇ।

Scroll to Top