ਐੱਸ.ਏ.ਐੱਸ. ਨਗਰ, 21 ਅਕਤੂਬਰ, 2023: ਸਰਕਾਰੀ ਕਾਲਜ ਡੇਰਾਬੱਸੀ ਦੇ ਵਿਦਿਆਰਥੀਆਂ ਦੀ ਅਗਨੀਵੀਰ (Agniveer) ਵਜੋਂ ਚੋਣ ਹੋਣ ਤੇ ਕਾਲਜ ਪ੍ਰਿੰਸੀਪਲ ਡਾ. ਸੁਜਾਤਾ ਕੌਸ਼ਲ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ। ਇਹ ਵਿਦਿਆਰਥੀ ਪਿਛਲੇ ਸਮੇਂ ਤੋਂ ਲਗਾਤਾਰ ਕਾਲਜ ਦੇ ਖੇਡ ਮੈਦਾਨ ਅਤੇ ਟਰੈਕ ਵਿਚ ਅਭਿਆਸ ਕਰਦੇ ਰਹੇ ਹਨ। ਇਹਨਾਂ ਵਿਦਿਆਰਥੀਆਂ ਨੂੰ ਅਗਨੀਵੀਰ ਵਿਚ ਭਰਤੀ ਲਈ ਤਿਆਰ ਕਰਨ ਵਿਚ ਅਭਿਆਸ ਕਰਵਾਉਣ ਦੇ ਪੱਖ ਤੋਂ ਡੇਰਾ ਬੱਸੀ ਦੇ ਮਾਰਨਿੰਗ ਵਾਕਰਜ਼ ਕਲੱਬ’ ਵੱਲੋਂ ਵੀ ਹਰ ਸੰਭਵ ਮਦਦ ਕੀਤੀ ਗਈ।
ਜ਼ਿਕਰਯੋਗ ਹੈ ਕਿ ਸਰਕਾਰੀ ਕਾਲਜ ਦੇ ਇਸ ਖੇਡ ਮੈਦਾਨ ਅਤੇ ਆਧੁਨਿਕ ਤਕਨੀਕ ਨਾਲ ਬਣੇ ਦੌੜਨ ਵਾਲੇ ਟਰੈਕ ਦੀ ਸਾਂਭ-ਸੰਭਾਲ ਅਤੇ ਦੇਖਭਾਲ ਵਿਚ ਮਾਰਨਿੰਗ ਵਾਕਰਜ਼ ਕਲੱਬ ਵੱਲੋਂ ਕਾਲਜ ਦਾ ਸਹਿਯੋਗ ਕੀਤਾ ਜਾ ਰਿਹਾ ਹੈ ਜਿਸ ਵਿਚ ਹਰ ਰੋਜ਼ ਸ਼ਾਮ ਨੂੰ ਅਨੇਕਾਂ ਨੌਜਵਾਨ ਦੌੜਾਂ ਲਗਾਉਂਦੇ ਅਤੇ ਸਖ਼ਤ ਮਿਹਨਤ ਕਰਕੇ ਪਸੀਨਾ ਵਹਾਉਂਦੇ ਹਨ। ਇਸ ਤਰਾਂ ਸਰਕਾਰੀ ਕਾਲਜ ਡੇਰਾ ਬੱਸੀ ਦਾ ਇਹ ਖੇਡ ਮੈਦਾਨ ਕਾਲਜ ਦੇ ਵਿਦਿਆਰਥੀਆਂ ਅਤੇ ਇਲਾਕੇ ਦੇ ਨੌਜਵਾਨਾਂ ਲਈ ਵਰਦਾਨ ਬਣਿਆ ਹੋਇਆ ਹੈ।
ਇਸ ਖੇਡ ਮੈਦਾਨ ਵਿਚ ਦੌੜਨ ਅਤੇ ਅਭਿਆਸ ਕਰਨ ਵਾਲੇ ਬਹੁਤ ਸਾਰੇ ਨੌਜਵਾਨਾਂ ਜਿੱਥੇ ਵੱਖ ਵੱਖ ਖੇਡ ਮੁਕਾਬਲਿਆਂ ਵਿਚ ਮੱਲਾਂ ਮਾਰ ਰਹੇ ਹਨ ਉਥੇ ਪਿਛਲੇ ਸਮੇਂ ਦੌਰਾਨ ਹਵਾਈ ਫੌਜ, ਦਿੱਲੀ ਪੁਲਿਸ, ਪੰਜਾਬ ਪੁਲਿਸ ਸਮੇਤ ਹੋਰ ਵੱਖ ਵੱਖ ਸੁਰੱਖਿਆਂ ਬਲਾਂ ਵਿਚ ਨੌਕਰੀ ਪ੍ਰਾਪਤ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਪਿਛਲੇ ਦਿਨਾਂ ਵਿਚ ਅਨੀਕੇਤ ਸਿੰਘ, ਲਵਪ੍ਰੀਤ ਸਿੰਘ, ਅਕਾਸ਼, ਕੁਨਾਲ ਅਤੇ ਰਿਤੇਸ਼ ਨੇ ਅਗਨੀਵੀਰ ਵਿਚ ਭਰਤੀ ਹੋ ਕੇ ਕਾਲਜ ਦਾ ਨਾਮ ਰੁਸ਼ਨਾਇਆ ਹੈ। ਅੱਜ ਪ੍ਰਿੰਸੀਪਲ ਡਾ. ਸੁਜਾਤਾ ਕੌਸ਼ਲ ਅਤੇ ਮਾਰਨਿੰਗ ਵਾਕਰਜ਼ ਕਲੱਬ ਦੇ ਮੈਂਬਰਾਂ ਨੇ ਇਹਨਾਂ ਵਿਦਿਆਰਥੀਆਂ ਨੂੰ ਮਿਲ ਕੇ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭ ਕਾਮਨਾਵਾਂ ਦਿੱਤੀਆਂ। ਇਸ ਸਮੇਂ ਮਾਰਨਿੰਗ ਵਾਕਰਜ਼ ਕਲੱਬ ਤੋਂ ਪ੍ਰਧਾਨ ਇੰਦਰਜੀਤ ਸਿੰਘ, ਉਪ ਪ੍ਰਧਾਨ ਪੁਸ਼ਪਿੰਦਰ ਮਹਿਤਾ, ਜਨਰਲ ਸੈਕਟਰੀ ਐਡਵੋਕੇਟ ਅਨਮੋਲ ਸਿੰਘ ਅਤੇ ਕਾਲਜ ਤੋਂ ਪ੍ਰੋ. ਆਮੀ ਭੱਲਾ ਹਾਜ਼ਰ ਸਨ |