ਚੰਡੀਗੜ੍ਹ, 22 ਨਵੰਬਰ 2024: ਪੰਜਾਬ ਦੇ ਬਾਗਬਾਨੀ ਮੰਤਰੀ ਮੋਹਿੰਦਰ ਭਗਤ (Mohinder Bhagat) ਨੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪੰਜਾਬ ਰਾਜ ਤੋਂ ਫਲਾਂ ਅਤੇ ਸਬਜ਼ੀਆਂ ਨੂੰ ਦੂਜੇ ਦੇਸ਼ਾਂ ‘ਚ ਨਿਰਯਾਤ ਕਰਨ ਲਈ ਤੇਜ਼ੀ ਨਾਲ ਕੰਮ ਕੀਤਾ ਜਾਵੇ । ਮਹਿੰਦਰ ਭਗਤ ਨੇ ਕਿਹਾ ਕਿ ਪੰਜਾਬ ਰਾਜ ਦੀ ਭੂਗੋਲਿਕ ਸਥਿਤੀ ਅਤੇ ਮੌਸਮ ਬਾਗਬਾਨੀ ਲਈ ਬੇਹੱਦ ਅਨੁਕੂਲ ਹੈ। ਅਸੀਂ ਉਨ੍ਹਾਂ ਫਸਲਾਂ ਦੀ ਕਾਸ਼ਤ ਕਰ ਸਕਦੇ ਹਾਂ ਜਿਨ੍ਹਾਂ ਦੀ ਯੂਰਪ ਅਤੇ ਹੋਰ ਦੇਸ਼ਾਂ ‘ਚ ਬਹੁਤ ਜ਼ਿਆਦਾ ਮੰਗ ਹੈ।
ਬੈਠਕ ਦੌਰਾਨ ਕੈਬਨਿਟ ਮੰਤਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪੰਜਾਬ ਰਾਜ ਦੀ ਕੁੱਲ ਪੰਚਾਇਤੀ ਜ਼ਮੀਨ ਦਾ 10 ਫੀਸਦੀ ਹਿੱਸਾ ਬਾਗਬਾਨੀ ਹੇਠ ਲਿਆਉਣ ਲਈ ਕੰਮ ਕੀਤਾ ਜਾਵੇ। ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਬਾਗਬਾਨੀ ਲਈ ਚਿੰਨ੍ਹਿਤ ਜ਼ਮੀਨ ਨੂੰ ਪਾਣੀ ਲੱਗਦਾ ਹੋਵੇ | ਉਨ੍ਹਾਂ ਕਿਹਾ ਕਿ ਇਸ ਕੰਮ ਦੀ ਨਿਗਰਾਨੀ ਬਾਗਬਾਨੀ ਵਿਭਾਗ ਅਤੇ ਪੰਚਾਇਤੀ ਰਾਜ ਵਿਭਾਗ ਵੱਲੋਂ ਕੀਤੀ ਜਾਵੇਗੀ ਅਤੇ ਮਨਰੇਗਾ ਰਾਹੀਂ ਇਸ ਜ਼ਮੀਨ ’ਤੇ ਬਾਗਬਾਨੀ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਇਆ ਜਾਵੇਗਾ।
ਕੈਬਨਿਟ ਮੰਤਰੀ (Mohinder Bhagat) ਨੇ ਕਿਹਾ ਕਿ ਜੇਕਰ ਅਸੀਂ ਯੂਰਪੀ ਮੰਡੀ ਦੀ ਮੰਗ ਮੁਤਾਬਕ ਖੇਤੀ ਨੂੰ ਅਪਣਾਉਂਦੇ ਹਾਂ ਤਾਂ ਇਸ ਨਾਲ ਨਾ ਸਿਰਫ਼ ਵਾਤਾਵਰਨ ਨੂੰ ਸ਼ੁੱਧ ਰੱਖਣ ‘ਚ ਮੱਦਦ ਮਿਲੇਗੀ ਸਗੋਂ ਕਿਸਾਨਾਂ ਦੀ ਆਮਦਨ ‘ਚ ਵੀ ਵਾਧਾ ਹੋਵੇਗਾ।
ਇਸ ਦੌਰਾਨ ਅਮਰੀਕਾ ਦੇ ਫਲੋਰੀਡਾ ਸੂਬੇ ਦੇ ਮਿਆਮੀ ਸ਼ਹਿਰ ‘ਚ ਸਥਿਤ ਯੂ.ਐਸ.ਡੀ.ਏ. ਏ.ਆਰ.ਐਸ. ਸਬਟ੍ਰੋਪੀਕਲ ਹਾਰਟੀਕਲਚਰ ਰਿਸਰਚ ਸੈਂਟਰ (ਐਸ.ਐਚ.ਆਰ.ਐਸ.) ਦੇ ਪ੍ਰਸਿੱਧ ਬਾਗਬਾਨੀ ਵਿਗਿਆਨੀ ਡਾ: ਸੁਖਵਿੰਦਰ ਸਿੰਘ ਨੇ ਕਿਹਾ ਕਿ ਬਾਗਬਾਨੀ ਵਿਸ਼ਵ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ। ਉਨ੍ਹਾਂ ਕਿਹਾ ਕਿ ਕੁਦਰਤ ਨੇ ਵਿਸ਼ਵ ਨੂੰ 70 ਲੱਖ ਤੋਂ ਵੱਧ ਪੌਦਿਆਂ ਦੀਆਂ ਕਿਸਮਾਂ ਦਿੱਤੀਆਂ ਹਨ, ਪਰ ਹੁਣ ਤੱਕ ਅਸੀਂ ਇਨ੍ਹਾਂ ‘ਚੋਂ ਕੁਝ ਸੈਂਕੜੇ ਹੀ ਬਾਗਬਾਨੀ ‘ਚ ਸ਼ਾਮਲ ਕਰ ਸਕੇ ਹਾਂ।
ਅਮਰੀਕਾ ਵਿੱਚ ਉਗਾਈ ਜਾ ਰਹੀ ਗੰਨੇ ਦੀ ਇੱਕ ਕਿਸਮ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਕਿਸਮ ‘ਚ ਚੀਨੀ ਦੀ ਮਾਤਰਾ 25 ਹੈ, ਜਦੋਂ ਕਿ ਪੰਜਾਬ ‘ਚ ਉਗਾਈ ਜਾ ਰਹੀ ਗੰਨੇ ‘ਚ ਇਹ ਮਾਤਰਾ 9 ਹੈ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਐਵਾਕਾਰਡੋ ਅਤੇ ਕਾਕੋਆ ਦੀ ਖੇਤੀ ਦੀਆਂ ਅਥਾਹ ਸੰਭਾਵਨਾਵਾਂ ਹਨ।