July 7, 2024 4:20 pm
Muzaffarpur

ਮੁਜ਼ੱਫਰਪੁਰ ਰੇਲਵੇ ਸਟੇਸ਼ਨ ‘ਤੇ ਵਲਸਾਡ ਐਕਸਪ੍ਰੈੱਸ ‘ਚ ਅੱਗ ਬੁਝਾਉਣ ਸਮੇਂ ਧਮਾਕਾ, ਇੱਕ RPF ਜਵਾਨ ਦੀ ਮੌਤ

ਚੰਡੀਗੜ੍ਹ 22 ਅਪ੍ਰੈਲ 2024: ਮੁਜ਼ੱਫਰਪੁਰ (Muzaffarpur) ਰੇਲਵੇ ਸਟੇਸ਼ਨ ‘ਤੇ ਵਲਸਾਡ ਐਕਸਪ੍ਰੈੱਸ ਦੀ ਬੋਗੀ ‘ਚ ਹੋਏ ਧਮਾਕੇ ‘ਚ ਇਕ ਆਰਪੀਐੱਫ ਜਵਾਨ ਦੀ ਮੌਤ ਹੋ ਗਈ। ਬੋਗੀ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗ ਗਈ। ਆਰਪੀਪੀਐਫ ਦੀ ਟੀਮ ਨੇ ਅੱਗ ’ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ। ਉਸੇ ਸਮੇਂ ਕਾਂਸਟੇਬਲ ਵਿਨੋਦ ਕੁਮਾਰ ਨੇ ਛੋਟੇ ਫਾਇਰ ਸਿਲੰਡਰ (ਅੱਗ ਬੁਝਾਉਣ ਵਾਲੇ ਯੰਤਰ) ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਇਸ ਦੌਰਾਨ ਅੱਗ ਦਾ ਸਿਲੰਡਰ ਫਟ ਗਿਆ।

ਹਾਦਸਾ ਇੰਨਾ ਭਿਆਨਕ ਸੀ ਕਿ ਵਿਨੋਦ ਕੁਮਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਹੈ। ਦੱਸਿਆ ਜਾ ਰਿਹਾ ਹੈ ਕਿ ਵਲਸਾਡ ਐਕਸਪ੍ਰੈਸ ਸੋਮਵਾਰ ਸਵੇਰੇ 6.30 ਵਜੇ ਮੁਜ਼ੱਫਰਪੁਰ (Muzaffarpur) ਰੇਲਵੇ ਸਟੇਸ਼ਨ ‘ਤੇ ਪਹੁੰਚੀ। ਕੁਝ ਸਮੇਂ ਬਾਅਦ ਟਰੇਨ ਦੀ ਐੱਸ-8 ਬੋਗੀ ਦੇ ਟਾਇਲਟ ‘ਚ ਅੱਗ ਦੀਆਂ ਲਪਟਾਂ ਨਿਕਲਣ ਲੱਗੀਆਂ।

ਅੱਗ ਲੱਗਣ ਦੀ ਸੂਚਨਾ ਮਿਲਣ ‘ਤੇ ਰੇਲਵੇ ਅਤੇ ਆਰਪੀਐਫ ਦੀਆਂ ਟੀਮਾਂ ਨੇ ਪਹੁੰਚ ਕੇ ਅੱਗ ‘ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ। ਅੱਗ ‘ਤੇ ਕਾਬੂ ਪਾਉਣ ਲਈ ਆਰਪੀਐਫ ਜਵਾਨ ਵਿਨੋਦ ਕੁਮਾਰ ਵੀ ਪਹੁੰਚੇ। ਉਨ੍ਹਾਂ ਨੇ ਫਾਇਰ ਸਿਲੰਡਰ ਨਾਲ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਇੱਕ ਫਾਇਰ ਸਿਲੰਡਰ ਖਤਮ ਹੋ ਗਿਆ ਪਰ ਅੱਗ ਦੀਆਂ ਲਪਟਾਂ ਨਹੀਂ ਬੁਝੀਆਂ। ਇਸ ਦੌਰਾਨ ਉਸ ਨੇ ਇਕ ਹੋਰ ਫਾਇਰ ਸਿਲੰਡਰ ਨਾਲ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਜਿਵੇਂ ਹੀ ਸਿਲੰਡਰ ਦਾ ਲੌਕ ਖੋਲ੍ਹਿਆ ਗਿਆ ਤਾਂ ਸਿਲੰਡਰ ਫਟ ਗਿਆ। ਇਸ ਵਿੱਚ ਵਿਨੋਦ ਕੁਮਾਰ ਦੀ ਮੌਤ ਹੋ ਗਈ।