ਚੰਡੀਗੜ੍ਹ, 21 ਜੁਲਾਈ 2023: ਦੱਖਣੀ ਅਫਰੀਕਾ ਦੇ ਜੋਹਾਨਸਬਰਗ (Johannesburg) ਸ਼ਹਿਰ ‘ਚ ਬੁੱਧਵਾਰ ਨੂੰ ਇਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ। ਦਰਅਸਲ, ਇੱਥੇ ਜ਼ਮੀਨ ਦੇ ਅੰਦਰ ਜ਼ੋਰਦਾਰ ਧਮਾਕਾ ਹੋਣ ਕਾਰਨ ਸੜਕ ਪੂਰੀ ਤਰ੍ਹਾਂ ਤਬਾਹ ਹੋ ਗਈ ਅਤੇ ਇੱਥੇ ਟੋਏ ਪੈ ਗਏ। ਧਮਾਕੇ ਦੌਰਾਨ ਸੜਕ ‘ਤੇ ਚੱਲ ਰਹੇ ਵਾਹਨ ਧਮਾਕੇ ਨਾਲ ਹਵਾ ‘ਚ ਉਡ ਗਏ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਹੈ, ਜੋ ਕਾਫੀ ਵਾਇਰਲ ਹੋ ਰਹੀ ਹੈ। ਮੰਨਿਆ ਜਾ ਰਿਹਾ ਹੈ ਕਿ ਗੈਸ ਪਾਈਪ ਦੀ ਪਾਈਪ ਲਾਈਨ ‘ਚ ਧਮਾਕਾ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ। ਇਸ ਹਾਦਸੇ ‘ਚ ਇਕ ਵਿਅਕਤੀ ਦੀ ਮੌਤ ਹੋ ਗਈ ਹੈ ਅਤੇ 48 ਜਣੇ ਜ਼ਖਮੀ ਹੋ ਗਏ ਹਨ।
ਘਟਨਾ ਜੋਹਾਨਸਬਰਗ (Johannesburg) ਦੇ ਬ੍ਰੀ ਸਟ੍ਰੀਟ ਇਲਾਕੇ ਦੀ ਹੈ। ਹਾਦਸੇ ਵਿੱਚ ਕਈ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ। ਧਮਾਕੇ ਦੇ ਸਹੀ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਪਰ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਜ਼ਮੀਨਦੋਜ਼ ਗੈਸ ਪਾਈਪਲਾਈਨ ਨੂੰ ਨੁਕਸਾਨ ਪਹੁੰਚਾਉਣ ਕਾਰਨ ਹੋਇਆ ਹੋ ਸਕਦਾ ਹੈ। ਫਿਲਹਾਲ ਘਟਨਾ ਦੀ ਜਾਂਚ ਜਾਰੀ ਹੈ। ਇਸ ਦੇ ਨਾਲ ਹੀ ਸਥਾਨਕ ਗੈਸ ਸਪਲਾਇਰ ਨੇ ਮੰਨਿਆ ਹੈ ਕਿ ਗੈਸ ਪਾਈਪਲਾਈਨ ਵਿੱਚ ਇੱਕ ਛੋਟਾ ਜਿਹਾ ਲੀਕ ਹੋਇਆ ਹੈ, ਪਰ ਸਪਲਾਇਰ ਨੇ ਇਸ ਲੀਕ ਨੂੰ ਧਮਾਕੇ ਦਾ ਕਾਰਨ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ ।