Election Commission

ਖਰਚਾ ਨਿਗਰਾਨ ਵੱਲੋਂ ਫਾਜ਼ਿਲਕਾ ਜ਼ਿਲ੍ਹੇ ਦਾ ਦੌਰਾ, ਆਖਿਆ- ਉਮੀਦਵਾਰਾਂ ਦੇ ਹਰ ਖਰਚ ‘ਤੇ ਚੋਣ ਕਮਿਸ਼ਨ ਦੀ ਨਜ਼ਰ

ਫਾਜ਼ਿਲਕਾ, 21 ਮਈ 2024: ਭਾਰਤੀ ਚੋਣ ਕਮਿਸ਼ਨ (Election Commission) ਵੱਲੋਂ ਲੋਕ ਸਭਾ ਹਲਕਾ 10 ਫਿਰੋਜਪੁਰ ਦੇ ਲਈ ਨਾਮਜਦ ਖਰਚਾ ਨਿਗਰਾਨ ਨਗਿੰਦਰ ਯਾਦਵ ਨੇ ਅੱਜ ਫਾਜ਼ਿਲਕਾ ਜ਼ਿਲ੍ਹੇ ਦਾ ਦੌਰਾ ਕੀਤਾ ਅਤੇ ਇਸ ਉਪਰੰਤ ਉਨਾਂ ਨੇ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨਾਲ ਬੈਠਕ ਕੀਤੀ।

ਇਸ ਮੌਕੇ ਉਨ੍ਹਾਂ ਕਿਹਾ ਕਿ ਹਰ ਪ੍ਰਕਾਰ ਦੇ ਚੋਣ ਖਰਚੇ ਤੇ ਚੋਣ ਕਮਿਸ਼ਨ ਦੀ ਤਿੱਖੀ ਨਜ਼ਰ ਹੈ ਅਤੇ ਚੋਣ ਕਮਿਸ਼ਨ ਦੀਆਂ ਟੀਮਾਂ ਵੱਲੋਂ ਸ਼ੈਡੋ ਰਜਿਸਟਰ ਵਿੱਚ ਉਮੀਦਵਾਰਾਂ ਦੇ ਸਾਰੇ ਖਰਚ ਨੋਟ ਕੀਤੇ ਜਾ ਰਹੇ ਹਨ। ਉਨਾਂ ਆਖਿਆ ਕਿ ਅਖਬਾਰਾਂ ਵਿੱਚ ਛਪਣ ਵਾਲੀਆਂ ਮੁੱਲ ਦੀਆਂ ਖਬਰਾਂ ਤੇ ਵੀ ਚੋਣ ਕਮਿਸ਼ਨ ਦੀ ਨਜ਼ਰ ਹੈ।

ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਚੋਣ ਕਮਿਸ਼ਨ (Election Commission) ਦੀਆਂ ਹਦਾਇਤਾਂ ਅਨੁਸਾਰ ਵੱਖ-ਵੱਖ ਵੀਐਸਟੀ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ ਜੋ ਕਿ ਸਿਆਸੀ ਪ੍ਰੋਗਰਾਮਾਂ ਦੀ ਮੌਕੇ ਤੇ ਜਾ ਕੇ ਵੀਡੀਓਗ੍ਰਾਫੀ ਕਰਦੀਆਂ ਹਨ ਅਤੇ ਉੱਥੇ ਉਮੀਦਵਾਰਾਂ ਵੱਲੋਂ ਕੀਤੇ ਖਰਚ ਅਤੇ ਵਰਤੇ ਸਮਾਨ ਦੀ ਵੀਡੀਓ ਬਣਾ ਕੇ ਲਿਆਉਂਦੀਆਂ ਹਨ। ਜਿਸ ਦੀ ਵੀਡੀਓ ਵਿਯੂਇੰਗ ਟੀਮ ਵੱਲੋਂ ਵੇਖ ਕੇ ਉਕਤ ਪ੍ਰੋਗਰਾਮ ਵਿੱਚ ਉਮੀਦਵਾਰਾਂ ਵੱਲੋਂ ਕੀਤੇ ਖਰਚ ਦੀ ਲਿਸਟ ਤਿਆਰ ਕੀਤੀ ਜਾਂਦੀ ਹੈ ਤੇ ਤੈਅਸ਼ੁਦਾ ਰੇਟ ਅਨੁਸਾਰ ਰੇਟ ਬਣਾ ਕੇ ਖਰਚਾ ਨਿਗਰਾਨ ਟੀਮ ਵੱਲੋਂ ਉਕਤ ਅਨੁਸਾਰ ਖਰਚਾ ਉਮੀਦਵਾਰ ਦੇ ਸ਼ੈਡੋ ਰਜਿਸਟਰ ਵਿੱਚ ਦਰਜ ਕਰ ਦਿੱਤਾ ਜਾਂਦਾ ਹੈ।

ਉਹਨਾਂ ਨੇ ਕਿਹਾ ਕਿ ਮੁੱਲ ਦੀਆਂ ਖਬਰਾਂ ਅਤੇ ਸਿਆਸੀ ਇਸ਼ਤਿਹਾਰਾਂ ਤੇ ਵੀ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਜ਼ਿਲ੍ਹਾ ਫਾਜ਼ਿਲਕਾ ਵਿੱਚ ਹੁਣ ਤੱਕ ਦੋ ਸ਼ੱਕੀ ਪੇਡ ਨਿਊਜ਼ ਪਾਈਆਂ ਗਈਆਂ ਹਨ। ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫਸਰ ਕਮ ਵਧੀਕ ਡਿਪਟੀ ਕਮਿਸ਼ਨਰ ਜਨਰਲ ਰਾਕੇਸ਼ ਕੁਮਾਰ ਪੋਪਲੀ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

Scroll to Top