ਰੂਪਨਗਰ, 18 ਅਪ੍ਰੈਲ 2025: ਪੰਜਾਬ ਕੈਬਿਨਟ ਮੰਤਰੀ ਲਾਲ ਚੰਦ ਕਟਾਰੂਚੱਕ (Lal Chand Kataruchak) ਨੇ ਅੱਜ ਰੂਪਨਗਰ ਦੀ ਦਾਣਾ ਮੰਡੀ ਵਿਖੇ ਚੱਲ ਰਹੀ ਕਣਕ ਦੀ ਖਰੀਦ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ‘ਚ ਇਸ ਵਾਰ ਕਣਕ ਦੀ ਬੰਪਰ ਫ਼ਸਲ ਹੋਈ ਹੈ ਅਤੇ ਇਸ ਸੀਜ਼ਨ ਦੌਰਾਨ ਲਗਭਗ 125 ਲੱਖ ਮੀਟ੍ਰਿਕ ਟਨ ਕਣਕ ਆਉਣ ਦੀ ਉਮੀਦ ਹੈ।
ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਹੁਣ ਤੱਕ 13 ਲੱਖ 16 ਹਜ਼ਾਰ ਮੀਟ੍ਰਿਕ ਟਨ ਕਣਕ ਮੰਡੀਆਂ ‘ਚ ਆ ਚੁੱਕੀ ਹੈ। ਇਸ ‘ਚੋਂ ਲਗਭਗ 11 ਲੱਖ ਮੀਟ੍ਰਿਕ ਟਨ ਖਰੀਦਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਖਾਤਿਆਂ ‘ਚ 703 ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸੀਐੱਮ ਭਗਵੰਤ ਮਾਨ ਦੇ ਨਿਰਦੇਸ਼ਾਂ ਮੁਤਾਬਕ ਜਿੱਥੇ ਖਰੀਦ ਦੇ 24 ਘੰਟਿਆਂ ਦੇ ਅੰਦਰ ਭੁਗਤਾਨ ਕੀਤਾ ਜਾ ਰਿਹਾ ਹੈ, ਉੱਥੇ ਲਿਫਟਿੰਗ ‘ਚ ਵੀ ਕੋਈ ਢਿੱਲ ਨਹੀਂ ਹੈ।
ਉਨ੍ਹਾਂ (Lal Chand Kataruchak) ਕਿਹਾ ਕਿ ਮੰਡੀਆਂ ‘ਚ ਲਿਆਂਦੇ ਗਏ ਅਨਾਜ ਨੂੰ ਮੌਸਮ ਦੀਆਂ ਮਾਰ ਤੋਂ ਬਚਾਉਣ ਲਈ, ਸਾਰੀਆਂ ਏਜੰਸੀਆਂ ਅਤੇ ਆੜ੍ਹਤੀਆ ਨੂੰ ਤਰਪਾਲਾਂ ਅਤੇ ਕਰੇਟਾਂ ਦੇ ਸੁਰੱਖਿਅਤ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾ ਬਾਰਦਾਨੇ ਦੀ ਵੀ ਕੋਈ ਕਮੀ ਨਹੀਂ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸਾਨਾਂ ਨੂੰ ਮੰਡੀਆਂ ‘ਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ
ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਖਰੀਦ ਕਾਰਜਾਂ ‘ਚ ਸ਼ਾਮਲ ਸਾਰੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਹਨ ਕਿ ਮੰਡੀਆਂ ‘ਚ ਕਿਸੇ ਵੀ ਕਿਸਾਨ ਨੂੰ ਕੋਈ ਸਮੱਸਿਆ ਨਾ ਆਵੇ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਇੱਕ ਸਾਲ ‘ਚ ਉਨ੍ਹਾਂ ਦੀਆਂ ਦੋ ਵਾਰ ਮਿਹਨਤਤਾਨਾ ‘ਚ ਵਾਧਾ ਕੀਤਾ, ਪਹਿਲਾਂ ਰੇਟ 1.80 ਰੁਪਏ ਤੋਂ ਵਧਾ ਕੇ 2.21 ਰੁਪਏ ਕੀਤਾ | ਇਸਦੇ ਨਾਲ ਹੀ ਵਧਦੀ ਮਹਿੰਗਾਈ ਅਤੇ ਆੜ੍ਹਤੀਆਂ ਦੀਆਂ ਮੰਗਾਂ ਮੱਦੇਨਜਰ ਪੰਜਾਬ ਸਰਕਾਰ ਨੇ ਦਰ ‘ਚ 43 ਪੈਸੇ ਹੋਰ ਵਾਧਾ ਕਰਕੇ 2.64 ਰੁਪਏ ਕੀਤਾ। ਉਨ੍ਹਾਂ ਕਿਹਾ ਕਿ ਇਸ ਵਾਧੇ ਨਾਲ ਇਸ ਮਜ਼ਦੂਰ ਭਾਈਚਾਰੇ ਨੂੰ ਲਗਭਗ 10 ਕਰੋੜ ਰੁਪਏ ਦਾ ਲਾਭ ਹੋਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ 130 ਲੱਖ ਮੀਟ੍ਰਿਕ ਟਨ ਕਣਕ ਖਰੀਦਣ ਦੇ ਪ੍ਰਬੰਧ ਕੀਤੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਿਸਾਨਾਂ ਵੱਲੋਂ ਮੰਡੀਆਂ ‘ਚ ਲਿਆਂਦੀ ਗਈ ਕਣਕ ਦਾ ਹਰ ਦਾਣਾ ਘੱਟੋ-ਘੱਟ ਸਮਰਥਨ ਮੁੱਲ ‘ਤੇ ਖਰੀਦਿਆ ਜਾਵੇ।
Read More: ਮਜ਼ਦੂਰੀ ਦਰਾਂ ‘ਚ ਵਾਧੇ ਨਾਲ ਮਜ਼ਦੂਰਾਂ ਨੂੰ ਇੱਕ ਸਾਲ ‘ਚ 10 ਕਰੋੜ ਰੁਪਏ ਦਾ ਹੋਵੇਗਾ ਫਾਇਦਾ: ਲਾਲ ਚੰਦ ਕਟਾਰੂਚੱਕ