July 4, 2024 8:23 pm
Excise Department

ਆਬਕਾਰੀ ਵਿਭਾਗ ਵੱਲੋਂ ਵਿਆਹ/ਨਿੱਜੀ ਸਮਾਗਮਾਂ ਲਈ ਸ਼ਰਾਬ ਦੇ ਪਰਮਿਟ ਦੇ ਨਾਲ ਵੱਧ ਤੋਂ ਵੱਧ ਪ੍ਰਚੂਨ ਮੁੱਲ ਸੂਚੀ ਮੁਹੱਈਆ ਕਰਨ ਦੀ ਸ਼ੁਰੂਆਤ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 21 ਅਪ੍ਰੈਲ 2023: ਪੰਜਾਬ ਦੇ ਵਿੱਤ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਕਿਹਾ ਕਿ ਆਬਕਾਰੀ ਵਿਭਾਗ (Excise Department) ਨੇ ਆਮ ਲੋਕਾਂ ਨੂੰ ਸ਼ਰਾਬ ਮਾਫੀਆ ਦੇ ਹੱਥੋਂ ਹੋਣ ਵਾਲੀ ਕਿਸੇ ਵੀ ਲੁੱਟ ਤੋਂ ਬਚਾਉਣ ਲਈ ਵਿਆਹ/ਨਿੱਜੀ ਸਮਾਗਮਾਂ ਲਈ ਸ਼ਰਾਬ ਦੇ ਪਰਮਿਟ ਦੇ ਨਾਲ-ਨਾਲ ਸ਼ਰਾਬ ਦੀ ਵੱਧ ਤੋਂ ਵੱਧ ਪ੍ਰਚੂਨ ਕੀਮਤ ਸੂਚੀ ਮੁਹੱਈਆ ਕਰਨ ਦੀ ਪਹਿਲਕਦਮੀ ਕੀਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਆਬਕਾਰੀ ਵਿਭਾਗ (Excise Department) ਵੱਲੋਂ ਸ਼ਰਾਬ ਦੀ ਗੁਣਵੱਤਾ, ਮਾਤਰਾ ਅਤੇ ਸਮਾਗਮ ਦੀ ਮਿਤੀ ਅਤੇ ਸਥਾਨ ਦਾ ਜ਼ਿਕਰ ਕਰਦੇ ਹੋਏ ਸਬੰਧਤ ਵਿਅਕਤੀ ਦੇ ਨਾਂ ‘ਤੇ ਇਹ ਪਰਮਿਟ ਜਾਰੀ ਕੀਤਾ ਜਾਇਆ ਕਰੇਗਾ ਅਤੇ ਸਬੰਧਤ ਵਿਅਕਤੀ ਜਿਲ੍ਹੇ ਦੇ ਕਿਸੇ ਵੀ ਠੇਕੇ ਤੋਂ ਸ਼ਰਾਬ ਦੀ ਖਰੀਦ ਕਰ ਸਕੇਗਾ। ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਪਰਮਿਟ ਲਈ ਬਿਨੈਕਾਰ ਕੇਵਲ ਨਿੱਜੀ ਮਹਿਮਾਨਾਂ (ਸਿਰਫ਼ ਸੱਦੇ ‘ਤੇ) ਨੂੰ ਸ਼ਰਾਬ ਪਰੋਸਣ ਲਈ ਅਧਿਕਾਰਤ ਹੈ ਅਤੇ ਸ਼ਰਾਬ ਦੀ ਕੋਈ ਵੀ ਮਾਤਰਾ ਕਿਸੇ ਨੂੰ ਵੇਚ ਨਹੀਂ ਸਕਦਾ।

ਵਿੱਤ ਮੰਤਰੀ ਨੇ ਕਿਹਾ ਕਿ ਇਹ ਉਪਾਅ ਨਾ ਸਿਰਫ ਆਮ ਵਿਅਕਤੀਆਂ ਨੂੰ ਆਪਣੇ ਨਿੱਜੀ ਸਮਾਗਮਾਂ ਲਈ ਵਾਜਬ ਕੀਮਤਾਂ ‘ਤੇ ਸ਼ਰਾਬ ਖਰੀਦਣ ਦੀ ਸਹੂਲਤ ਦੇਵੇਗਾ ਬਲਕਿ ਇਹ ਵੀ ਯਕੀਨੀ ਬਣਾਵੇਗਾ ਕਿ ਸ਼ਰਾਬ ਦੀ ਖਰੀਦ ਲਾਇਸੰਸਸ਼ੁਦਾ ਸ਼ਰਾਬ ਦੀਆਂ ਦੁਕਾਨਾਂ ਤੋਂ ਹੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਬਕਾਰੀ ਵਿਭਾਗ ਵੱਲੋਂ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਲੁੱਟ ਤੋਂ ਬਚਾਉਣ ਦੇ ਨਾਲ-ਨਾਲ ਨਾਜਾਇਜ਼ ਸ਼ਰਾਬ ਦੇ ਧੰਦੇ ਨੂੰ ਠੱਲ੍ਹ ਪਾਉਣ ਲਈ ਅਜਿਹੇ ਕਈ ਉਪਰਾਲੇ ਕੀਤੇ ਜਾ ਰਹੇ ਹਨ।