ਚੰਡੀਗੜ੍ਹ, 16 ਮਈ 2023: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਕਥਿਤ ਵਿਵਾਦਿਤ ਭਾਸ਼ਣ ਨੂੰ ਲੈ ਕੇ ਰਾਜਸਥਾਨ ਕਾਂਗਰਸ ਕਮੇਟੀ ਦੇ ਇੰਚਾਰਜ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ (Sukhjinder Singh Randhawa) ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ | ਬੀਤੇ ਦਿਨ ਕੋਟਾ ਦੀ ਇਕ ਅਦਾਲਤ ਨੇ ਪੁਲਿਸ ਨੂੰ ਸੁਖਜਿੰਦਰ ਰੰਧਾਵਾ ਦੇ ਖਿਲਾਫ਼ ਮੁਕੱਦਮਾ ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ ।
ਪ੍ਰਾਪਤ ਜਾਣਕਾਰੀ ਅਨੁਸਾਰ ਮਾਰਚ ਮਹੀਨੇ ’ਚ ਮਹਾਵੀਰ ਨਗਰ ਥਾਣੇ ’ਚ ਰੰਧਾਵਾ ਖਿਲਾਫ਼ ਸ਼ਿਕਾਇਤ ਦਿੱਤੀ ਗਈ ਸੀ ਪਰ ਪੁਲਿਸ ਨੇ ਕੇਸ ਦਰਜ ਨਹੀਂ ਕੀਤਾ ਸੀ। ਫਿਰ ਵਧੀਕ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ ਲੜੀ 6 ’ਚ ਕਾਂਗਰਸ ਇੰਚਾਰਜ ਦੇ ਖਿਲਾਫ਼ ਮੁਕੱਦਮਾ ਪੇਸ਼ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ 13 ਮਾਰਚ ਨੂੰ ਸੁਖਜਿੰਦਰ ਰੰਧਾਵਾ ਨੇ ਰਾਜ ਭਵਨ ਘਿਰਾਓ ਤੋਂ ਬਾਅਦ ਕਥਿਤ ਵਿਵਾਦਿਤ ਭਾਸ਼ਣ ਦਿੱਤਾ।
ਉਨ੍ਹਾਂ (Sukhjinder Singh Randhawa) ਨੇ ਕਿਹਾ ਸੀ, ‘‘ਆਪਣੀ ਲੜਾਈ ਖ਼ਤਮ ਕਰੋ, ਮੋਦੀ ਨੂੰ ਖ਼ਤਮ ਕਰਨ ਦੀ ਗੱਲ ਕਰੋ। ਜੇ ਮੋਦੀ ਖ਼ਤਮ ਹੋ ਗਿਆ ਤਾਂ ਹਿੰਦੁਸਤਾਨ ਬਚ ਜਾਵੇਗਾ। ਜੇਕਰ ਮੋਦੀ ਰਿਹਾ ਤਾਂ ਹਿੰਦੁਸਤਾਨ ਖ਼ਤਮ ਹੋ ਜਾਵੇਗਾ।’’ਹਾਲਾਂਕਿ ਬਾਅਦ ’ਚ ਉਨ੍ਹਾਂ ਨੇ ਸਫ਼ਾਈ ਦਿੰਦਿਆਂ ਕਿਹਾ ਸੀ ਕਿ ਉਹ ਸਿਆਸੀ ਰੂਪ ’ਚ ਖ਼ਤਮ ਕਰਨ ਦੀ ਗੱਲ ਕਰ ਰਹੇ ਸਨ।
ਸੁਖਜਿੰਦਰ ਰੰਧਾਵਾ ਦੇ ਭਾਸ਼ਣ ਤੋਂ ਬਾਅਦ ਵਿਧਾਇਕ ਮਦਨ ਦਿਲਾਵਰ ਵਰਕਰਾਂ ਅਤੇ ਭਾਜਪਾ ਨੇਤਾਵਾਂ ਨਾਲ ਮਹਾਵੀਰ ਨਗਰ ਥਾਣੇ ਪੁੱਜੇ ਤੇ ਸ਼ਿਕਾਇਤ ਦਿੱਤੀ ਸੀ। ਪੁਲਿਸ ਨੇ ਮੁਕੱਦਮਾ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਵਿਧਾਇਕ ਦਿਲਾਵਰ ਨੇ ਥਾਣਾ ਕੰਪਲੈਕਸ ’ਚ ਹੀ ਧਰਨਾ ਦਿੱਤਾ ਸੀ। ਉਥੇ ਹੀ ਮੁਕੱਦਮਾ ਪੇਸ਼ ਹੋਣ ਤੋਂ ਬਾਅਦ 10 ਮਈ ਨੂੰ ਅਦਾਲਤ ਨੇ ਐੱਸ. ਪੀ. ਸ਼ਰਦ ਚੌਧਰੀ ਤੋਂ ਰਿਪੋਰਟ ਮੰਗੀ ਸੀ।