ਚੰਡੀਗੜ੍ਹ, 20 ਫਰਵਰੀ 2023: ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿੱਚ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਰਮਨ ਬਾਲਾ ਸੁਬਰਾਮਨੀਅਮ (Raman Bala Subramaniam) ਅੱਜ ਵਿਜੀਲੈਂਸ ਦਫ਼ਤਰ ਵਿੱਚ ਪੇਸ਼ ਹੋਏ। ਦੋ ਦਿਨ ਪਹਿਲਾਂ ਭਾਜਪਾ ਆਗੂ ਅਮਰਜੀਤ ਸਿੰਘ ਟਿੱਕਾ ਨੇ ਉਸ ਖ਼ਿਲਾਫ਼ ਵਿਜੀਲੈਂਸ ਦਫ਼ਤਰ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ।
ਉਨ੍ਹਾਂ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ ਨਗਰ ਸੁਧਾਰ ਟਰੱਸਟ ਵੱਲੋਂ ਮਾਡਲ ਟਾਊਨ ਐਕਸਟੈਨਸ਼ਨ ਦੀ 2.79 ਏਕੜ ਜ਼ਮੀਨ ਸਸਤੇ ਭਾਅ ‘ਤੇ ਵੇਚੀ ਜਾ ਰਹੀ ਸੀ ਪਰ ਇਹ ਮਾਮਲਾ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧਿਆਨ ‘ਚ ਲਿਆ ਕੇ ਇਸ ਬੋਲੀ ਨੂੰ ਰੱਦ ਕਰ ਦਿੱਤਾ ਗਿਆ ਸੀ |
ਵਿਜੀਲੈਂਸ ਨੇ ਇਸ ਮਾਮਲੇ ਵਿੱਚ ਰਮਨ ਬਾਲਾ ਸੁਬਰਾਮਨੀਅਮ ਨੂੰ ਪੇਸ਼ ਹੋਣ ਲਈ ਕਿਹਾ ਸੀ। ਵਿਜੀਲੈਂਸ ਅਧਿਕਾਰੀ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਰਮਨ ਬਾਲਾ ਸੁਬਰਾਮਨੀਅਮ ਤੋਂ ਲਗਾਤਾਰ ਪੁੱਛਗਿੱਛ ਕਰ ਰਹੇ ਹਨ। ਟਿੱਕਾ ਦਾ ਦੋਸ਼ ਸੀ ਕਿ ਬੋਲੀ ਰੱਦ ਹੋਣ ਦੇ ਬਾਵਜੂਦ 500 ਕਰੋੜ ਰੁਪਏ ਦੀ ਜ਼ਮੀਨ 90 ਕਰੋੜ ਰੁਪਏ ਵਿੱਚ ਵੇਚਣ ਵਾਲੇ ਲੋਕਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ।
ਇਸਦੇ ਨਾਲ ਹੀ ਅਮਰਜੀਤ ਸਿੰਘ ਟਿੱਕਾ ਨੇ ਦੋਸ਼ ਲਾਇਆ ਕਿ ਤਤਕਾਲੀ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਲੋਕਲ ਬਾਡੀਜ਼ ਮੰਤਰੀ ਬ੍ਰਹਮ ਮਹਿੰਦਰਾ ਨੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਰਮਨ ਬਾਲਾ ਸੁਬਰਾਮਨੀਅਮ ਅਤੇ ਪ੍ਰਾਪਰਟੀ ਡੀਲਰ ਨੂੰ ਸ਼ੈਲਟਰ ਦਿੱਤਾ ਸੀ । ਇਨ੍ਹਾਂ ਲੋਕਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ। ਇਨ੍ਹਾਂ ਲੋਕਾਂ ਕਾਰਨ ਸਰਕਾਰੀ ਬੋਲੀ ਰੱਦ ਕਰਨੀ ਪਈ, ਜਿਸ ਲਈ ਉਕਤ ਲੋਕ ਜ਼ਿੰਮੇਵਾਰ ਹਨ।
ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਰਮਨ ਬਾਲਾ ਸੁਬਰਾਮਨੀਅਮ ਨੇ ਕਿਹਾ ਕਿ ਉਹ ਕਾਨੂੰਨ ਦਾ ਸਤਿਕਾਰ ਕਰਦੇ ਹਨ। ਜਦੋਂ ਵੀ ਵਿਜੀਲੈਂਸ ਅਧਿਕਾਰੀ ਉਸ ਨੂੰ ਜਾਂਚ ਲਈ ਬੁਲਾਉਣਗੇ ਤਾਂ ਉਹ ਜ਼ਰੂਰ ਆਉਣਗੇ । ਉਨ੍ਹਾਂ ਨੇ ਕਿਹਾ ਕਿ ਜੋ ਜ਼ਮੀਨ ਅਤੇ ਜਾਇਦਾਦ ਬਣਾਈ ਹੈ, ਉਹ ਸਾਰੇ ਪਰਿਵਾਰ ਦੀ ਮਿਹਨਤ ਨਾਲ ਬਣਾਈ ਹੈ।