ਚੰਡੀਗੜ੍ਹ, 30 ਮਈ 2024: ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ (JP Nadda) ਨੇ ਅੱਜ ਅੰਮ੍ਰਿਤਸਰ ਵਿੱਚ ਜਨ ਸਭਾ ਨੂੰ ਸੰਬੋਧਨ ਕਰਦਿਆਂ ਭਾਜਪਾ ਸਰਕਾਰ ਦੀਆਂ ਪ੍ਰਾਪਤੀਆਂ ਦੱਸੀਆਂ |ਆਪਣੇ ਉਦਘਾਟਨੀ ਭਾਸ਼ਣ ਵਿੱਚ ਉਨ੍ਹਾਂ ਨੇ ਸਭ ਤੋਂ ਪਹਿਲਾਂ ਹਰਿਮੰਦਰ ਸਾਹਿਬ ਨੂੰ ਪ੍ਰਣਾਮ ਕੀਤਾ |
ਇਸ ਦੌਰਾਨ ਜੇਪੀ ਨੱਡਾ ਨੇ ਇੰਡੀਆ ਗਠਜੋੜ ‘ਤੇ ਹਮਲਾ ਬੋਲਿਆ ਅਤੇ ਪੂਰੇ ਇੰਡੀਆ ਗਠਜੋੜ ਨੂੰ ਭ੍ਰਿਸ਼ਟ ਦੱਸਿਆ । ਉਨ੍ਹਾਂ ਕਿਹਾ ਕਿ ਇਹ ਸਾਰੇ ਆਗੂ ਜਾਂ ਤਾਂ ਜੇਲ੍ਹ ਵਿੱਚ ਹਨ ਜਾਂ ਜ਼ਮਾਨਤ ’ਤੇ ਹਨ। ਨਰਿੰਦਰ ਮੋਦੀ ਨੂੰ ਦੁਬਾਰਾ ਪ੍ਰਧਾਨ ਮੰਤਰੀ ਬਣਾਉਣ ਦੀ ਗੱਲ ਕਰਦੇ ਹੋਏ ਨੱਡਾ ਨੇ ਕਿਹਾ ਕਿ ਜੇਕਰ ਉਹ ਦੁਬਾਰਾ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ।
ਇਸ ਤੋਂ ਇਲਾਵਾ ਨੱਡਾ (JP Nadda) ਨੇ ਪੁੱਛਿਆ ਕਿ ਕਾਂਗਰਸ ਨੂੰ CAA ਨਾਲ ਕੀ ਸਮੱਸਿਆ ਹੈ। ਜਦੋਂ ਅਫਗਾਨਿਸਤਾਨ ਵਿੱਚ ਹਲਾਤ ਵਿਗੜ ਗਏ ਤਾਂ ਉਹ ਸ਼ਰਨਾਰਥੀ ਬਣ ਕੇ ਭਾਰਤ ਆ ਗਏ। ਜਦੋਂ ਮੋਦੀ ਪ੍ਰਧਾਨ ਮੰਤਰੀ ਬਣੇ ਤਾਂ ਕਰਤਾਰਪੁਰ ਸਾਹਿਬ ਲਾਂਘਾ ਬਣਾਇਆ ਗਿਆ। ਅੱਜ ਸਾਡੇ ਸਿੱਖ ਭੈਣ-ਭਰਾ ਸ਼੍ਰੀ ਕਰਤਾਰਪੁਰ ਜਾ ਕੇ ਦਰਸ਼ਨ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਨੇ ਹਮੇਸ਼ਾ ਹੀ ਹਮਲਾਵਰਾਂ ਨਾਲ ਲੜ ਕੇ ਦੇਸ਼ ਦੀ ਰੱਖਿਆ ਕੀਤੀ ਹੈ। ਮੈਂ ਇਸ ਪੰਜਾਬ ਦੀ ਧਰਤੀ ਨੂੰ ਸਲਾਮ ਕਰਦਾ ਹਾਂ। ਜਦੋਂ ਕੋਰੋਨਾ ਆਇਆ ਤਾਂ ਹਰ ਵਿਅਕਤੀ, ਵਪਾਰੀ ਅਤੇ ਸਮਾਜ ਦਾ ਹਰ ਵਰਗ ਦੇਸ਼ ਦੀ ਰੱਖਿਆ ਲਈ ਅੱਗੇ ਆਇਆ। ਮੈਂ ਅਜਿਹੀ ਧਰਤੀ ਨੂੰ ਪ੍ਰਣਾਮ ਕਰਦਾ ਹਾਂ। ਉਨ੍ਹਾਂ ਕਿਹਾ ਕਿ ਪੀਐੱਮ ਨਰਿੰਦਰ ਮੋਦੀ ਨੇ ਦੇਸ਼ ਦੇ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ।