ਐੱਸ ਏ ਐੱਸ ਨਗਰ/ਖਰੜ, 4 ਅਗਸਤ, 2023: ਡਿਪਟੀ ਕਮਿਸ਼ਨਰ ਆਸ਼ਿਕਾ ਜੈਨ (DC Ashika Jain) ਨੇ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ’ਚ ਭਾਰੀ ਬਾਰਸ਼ਾਂ ਅਤੇ ਹੜ੍ਹਾਂ ਕਾਰਨ ਪ੍ਰਭਾਵਿਤ ਇਲਾਕਿਆਂ ’ਚ ਚੱਲ ਰਹੀ ਵਿਸ਼ੇਸ਼ ਗਿਰਦਾਵਰੀ ਦਾ ਜ਼ਮੀਨੀ ਪੱਧਰ ’ਤੇ ਜਾਇਜ਼ਾ ਲੈਣ ਲਈ ਅੱਜ ਖਰੜ ਸਬ ਡਵੀਜ਼ਨ ਦੇ ਪਿੰਡ ਨਬੀਪੁਰ ਦਾ ਸ਼ਾਮ ਨੂੰ ਦੌਰਾ ਕੀਤਾ। ਇਸ ਮੌਕੇ ਖਰੜ ਸਬ ਡਵੀਜ਼ਨ ਦੇ ਐਸ ਡੀ ਐਮ ਰਵਿੰਦਰ ਸਿੰਘ ਤੇ ਤਹਿਸੀਲਦਾਰ ਜਸਵਿੰਦਰ ਸਿੰਘ ਵੀ ਮੌਜੂਦ ਸਨ।
ਉਨ੍ਹਾਂ ਇਸ ਮੌਕੇ ਪੀੜਤ ਲੋਕਾਂ ਨੂੰ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੇ ਆਦੇਸ਼ਾਂ ਅਨੁਸਾਰ ਹੜ੍ਹਾਂ ਅਤੇ ਪਾਣੀ ਕਾਰਨ ਹੋਏ ਜਾਨ ਅਤੇ ਮਾਲ ਦੇ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਫ਼ਸਲਾਂ ਦੇ ਖਰਾਬੇ ਅਤੇ ਮਕਾਨਾਂ ਆਦਿ ਨੂੰ ਪੁੱਜੇ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ ਦਾ ਕੰਮ 15 ਅਗਸਤ ਤੱਕ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਨਸਾਨੀ ਜਾਨਾਂ ਦੇ ਨਾਲ-ਨਾਲ ਪਸ਼ੂਧੰਨ ਦੇ ਹੋਏ ਨੁਕਸਾਨ ਦਾ ਵੀ ਮੁਆਵਜ਼ਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਮਕਾਨਾਂ ਨੂੰ ਨੁਕਸਾਨ ਪੁੱਜਾ ਹੈ, ਉਨ੍ਹਾਂ ਨੂੰ ਵੀ ਬਣਦਾ ਮੁਆਵਜ਼ਾ ਦਿੱਤਾ ਜਾਵੇਗਾ।
ਡਿਪਟੀ ਕਮਿਸ਼ਨਰ (DC Ashika Jain) ਨੇ ਨਬੀਪੁਰ ਦੇ ਕਿਸਾਨਾਂ ਵੱਲੋਂ ਜੈਅੰਤੀ ਕੀ ਰਾਓ ਨਦੀ ਦੇ ਪਾਣੀ ਵੱਲੋੋਂ ਫ਼ਸਲਾਂ ਨੂੰ ਪਹੁੰਚਾਏ ਨੁਕਸਾਨ ਬਾਰੇ ਦੱਸੇ ਜਾਣ ’ਤੇ ਕਿਹਾ ਕਿ ਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਪੰਜਾਬ ਸਰਕਾਰ ਦੇ ਆਦੇਸ਼ਾਂ ਮੁਤਾਬਕ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਸਪੈਸ਼ਲ ਗਿਰਦਾਵਰੀ ਕੀਤੀ ਜਾ ਰਹੀ ਹੈ ਅਤੇ ਹਰ ਇੱਕ ਪੀੜਤ ਨੂੰ ਬਣਦਾ ਮੁਆਵਜ਼ਾ ਜ਼ਰੂਰ ਮਿਲੇਗਾ।
ਉਨ੍ਹਾਂ ਇਸ ਮੌਕੇ ਮੌਜੂਦ ਮਾਲ ਮਹਿਕਮੇ ਦੇ ਫ਼ੀਲਡ ਅਤੇ ਸਰਕਲ ਅਧਿਕਾਰੀਆਂ ਨੂੰ ਸਪੈਸ਼ਲ ਗਿਰਦਾਵਰੀ ਦੀ ਰਿਪੋਰਟ ਹਰ ਹਾਲ 15 ਅਗਸਤ ਤੱਕ ਮੁਕੰਮਲ ਕਰਨ ਲਈ ਆਖਿਆ ਅਤੇ ਹਰ ਇੱਕ ਪ੍ਰਭਾਵਿਤ ਦਾ ਖ਼ਰਾਬਾ ਅਨੁਮਾਨ ਰਜਿਸਟਰ ’ਚ ਦਰਜ ਕਰਨ ਲਈ ਆਖਿਆ |