Vehicular Pollution

ਵਾਹਨਾਂ ਦੇ ਪ੍ਰਦੂਸ਼ਣ ਨੂੰ ਘਟਾਉਣ ਲਈ ਈਵੀ ਜ਼ਰੂਰੀ : ਇੰਦਰਬੀਰ ਸਿੰਘ ਨਿੱਝਰ

ਚੰਡੀਗੜ੍ਹ, 4 ਫਰਵਰੀ 2023: ਪੰਜਾਬ ਦੇ ਸਥਾਨਕ ਸਰਕਾਰਾਂ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਡਾ: ਇੰਦਰਬੀਰ ਸਿੰਘ ਨਿੱਝਰ ਨੇ ਕਿਹਾ ਹੈ ਕਿ ਸਮਾਰਟ ਸਿਟੀ ਅਤੇ ਸ਼ਹਿਰੀ ਸਫ਼ਾਈ ਉਦੋਂ ਹੀ ਸਾਰਥਿਕ ਹੋ ਸਕਦੀ ਹੈ, ਜਦੋਂ ਵਾਹਨਾਂ ਦੇ ਪ੍ਰਦੂਸ਼ਣ (Vehicular Pollution) ਨੂੰ ਘੱਟ ਕੀਤਾ ਜਾਵੇਗਾ। ਵਾਹਨਾਂ ਦੇ ਪ੍ਰਦੂਸ਼ਣ ਨੂੰ ਘਟਾਉਣ ਲਈ ਜ਼ਰੂਰੀ ਹੈ ਕਿ ਸਾਨੂੰ ਤੇਲ ਦੀ ਆਦਤ ਛੱਡਣੀ ਪਵੇ।

ਨਿੱਝਰ ਅੱਜ ਇੱਥੇ ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵੱਲੋਂ ਕਰਵਾਏ ਜਾ ਰਹੇ ਪਹਿਲੇ ਤਿੰਨ ਰੋਜ਼ਾ ਇਲੈਕਟ੍ਰਿਕ ਵਹੀਕਲ ਐਕਸਪੋ ਦਾ ਦੌਰਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਨੇ ਕਈ ਮਾਮਲਿਆਂ ਵਿੱਚ ਮਿਸਾਲ ਕਾਇਮ ਕੀਤੀ ਹੈ। ਨਿੱਝਰ ਨੇ ਦੱਸਿਆ ਕਿ ਪੰਜਾਬ ਸਰਕਾਰ ਚੰਡੀਗੜ੍ਹ ਦੇ ਨਾਲ ਲੱਗਦੇ ਮੋਹਾਲੀ, ਜ਼ੀਰਕਪੁਰ ਅਤੇ ਖਰੜ ਖੇਤਰਾਂ ਵਿੱਚ ਪਾਇਲਟ ਪ੍ਰੋਜੈਕਟ ਵਜੋਂ ਈ-ਬੱਸਾਂ ਚਲਾਉਣ ਬਾਰੇ ਵਿਚਾਰ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਚੈਂਬਰ ਵੱਲੋਂ ਕਰਵਾਏ ਪ੍ਰੋਗਰਾਮ ਰਾਹੀਂ ਇਲੈਕਟ੍ਰਿਕ ਵਾਹਨਾਂ ਨੂੰ ਅਪਣਾਉਣ ਦਾ ਸੁਨੇਹਾ ਪੂਰੇ ਪੰਜਾਬ ਵਿੱਚ ਜਾਵੇਗਾ। ਨਿੱਝਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਅੱਜ ਹੀ ਆਪਣੀ ਨਵੀਂ ਈਵੀ ਨੀਤੀ ਲਾਗੂ ਕਰ ਦਿੱਤੀ ਹੈ। ਜਿਸ ਦਾ ਮੁੱਖ ਉਦੇਸ਼ ਲੋਕਾਂ ਵਿੱਚ ਵਾਤਾਵਰਨ ਨੂੰ ਬਚਾਉਣ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਹੈ।

ਇਹ ਨੀਤੀ ਪੰਜਾਬ ਨੂੰ ਇਲੈਕਟ੍ਰਿਕ ਵਾਹਨਾਂ, ਪੁਰਜ਼ਿਆਂ ਅਤੇ ਬੈਟਰੀਆਂ ਦੇ ਨਿਰਮਾਣ ਲਈ ਇੱਕ ਤਰਜੀਹੀ ਮੰਜ਼ਿਲ ਵਜੋਂ ਸਥਾਪਤ ਕਰਨ ਦੇ ਨਾਲ-ਨਾਲ ਵਾਹਨਾਂ ਦੇ ਨਿਕਾਸ ਨੂੰ ਘਟਾਉਣ, ਬੁਨਿਆਦੀ ਢਾਂਚਾ ਬਣਾਉਣ, ਖੋਜ ਅਤੇ ਵਿਕਾਸ, ਰੁਜ਼ਗਾਰ ਦੇ ਮੌਕੇ, ਸਥਿਰਤਾ ਨੂੰ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦੀ ਹੈ।

ਉਨ੍ਹਾਂ ਉਦਯੋਗਪਤੀਆਂ ਨੂੰ ਸੱਦਾ ਦਿੱਤਾ ਕਿ ਉਹ ਇਲੈਕਟ੍ਰਿਕ ਵਾਹਨਾਂ ਦੇ ਨਿਰਮਾਣ ਵਿੱਚ ਅੱਗੇ ਆਉਣ ਅਤੇ ਪੰਜਾਬ ਸਰਕਾਰ ਉਨ੍ਹਾਂ ਦੀ ਹਰ ਸੰਭਵ ਮਦਦ ਕਰੇਗੀ। ਇਸ ਤੋਂ ਪਹਿਲਾਂ ਨਿੱਝਰ ਦਾ ਇੱਥੇ ਪੁੱਜਣ ’ਤੇ ਸਵਾਗਤ ਕਰਦਿਆਂ ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਕੋ-ਚੇਅਰਮੈਨ ਕਰਨ ਗਿਲਹੋਤਰਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਰਾਜ ਵਿੱਚ ਈਵੀ ਨੀਤੀ ਨੂੰ ਲਾਗੂ ਕਰਕੇ ਸ਼ਲਾਘਾਯੋਗ ਕੰਮ ਕੀਤਾ ਹੈ।

ਗਿਲਹੋਤਰਾ ਨੇ ਕਿਹਾ ਕਿ ਉੱਦਮੀ ਪੰਜਾਬ ਵਿੱਚ ਈਵੀਜ਼ ਸਥਾਪਤ ਕਰਨ ਲਈ ਪੰਜਾਬ ਸਰਕਾਰ ਨੂੰ ਹਰ ਸੰਭਵ ਸਹਿਯੋਗ ਦੇਣ ਲਈ ਤਿਆਰ ਹਨ। ਅਜਿਹੇ ਸਮਾਗਮ ਪੰਜਾਬ ਵਿੱਚ ਵੀ ਕਰਵਾਏ ਜਾਣਗੇ। ਇਸ ਮੌਕੇ ਪੀਐਚਡੀਸੀਸੀਆਈ ਪੰਜਾਬ ਚੈਪਟਰ ਦੇ ਚੇਅਰ ਆਰ.ਐਸ. ਸਚਦੇਵਾ, ਸਹਾਇਕ ਸਕੱਤਰ ਜਨਰਲ ਨਵੀਨ ਸੇਠ ਅਤੇ ਹੋਰ ਕਈ ਪਤਵੰਤੇ ਹਾਜ਼ਰ ਸਨ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ: ਗੁਰਪ੍ਰੀਤ ਕੌਰ ਨੇ ਵੀ ਅੱਜ ਈਵੀ ਐਕਸਪੋ ਦਾ ਦੌਰਾ ਕੀਤਾ। ਪ੍ਰਦਰਸ਼ਨੀ ਮੈਦਾਨ ਦਾ ਦੌਰਾ ਕਰਦਿਆਂ ਡਾ: ਗੁਰਪ੍ਰੀਤ ਕੌਰ ਨੇ ਇਲੈਕਟ੍ਰਿਕ ਵਾਹਨਾਂ ਵਿੱਚ ਦਿਲਚਸਪੀ ਦਿਖਾਈ। ਗੁਰਪ੍ਰੀਤ ਕੌਰ ਨੇ ਕਿਹਾ ਕਿ ਅਜਿਹੇ ਸਮਾਗਮ ਆਮ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਜਲਵਾਯੂ ਪਰਿਵਰਤਨ ਨੂੰ ਧਿਆਨ ਵਿੱਚ ਰੱਖਦੇ ਹੋਏ ਭਵਿੱਖ ਵਿੱਚ ਸਾਰਿਆਂ ਨੂੰ ਈ.ਵੀ. ਅਪਨਾਉਣ ਵੱਲ ਅੱਗੇ ਵੱਧਣਾ ਚਾਹੀਦਾ ਹੈ।

Scroll to Top