ਚੰਡੀਗੜ੍ਹ, 15 ਫਰਵਰੀ 2023: ਭਾਰਤੀ ਟੀਮ (Indian team) ICC ਟੈਸਟ ਰੈਂਕਿੰਗ ‘ਚ ਸਿਖਰ ‘ਤੇ ਪਹੁੰਚ ਗਈ ਹੈ। ਆਸਟ੍ਰੇਲੀਆ ਖ਼ਿਲਾਫ਼ ਚਾਰ ਟੈਸਟ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ‘ਚ ਜਿੱਤ ਤੋਂ ਬਾਅਦ ਭਾਰਤ ਨੰਬਰ-1 ‘ਤੇ ਪਹੁੰਚ ਗਈ ਹੈ । ਭਾਰਤ ਨੇ ਨਾਗਪੁਰ ਵਿੱਚ ਬਾਰਡਰ-ਗਾਵਸਕਰ ਟਰਾਫੀ ਦੇ ਪਹਿਲੇ ਮੈਚ ਵਿੱਚ ਇੱਕ ਪਾਰੀ ਅਤੇ 132 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ । ਭਾਰਤੀ ਟੀਮ ਨੇ ਆਸਟਰੇਲੀਆ ਨੂੰ ਸਿਖਰਲੇ ਸਥਾਨ ਤੋਂ ਪਛਾੜ ਦਿੱਤਾ ਹੈ।
ਹੁਣ ਭਾਰਤ ਤਿੰਨੋਂ ਫਾਰਮੈਟਾਂ ‘ਚ ਨੰਬਰ-1 ‘ਤੇ ਪਹੁੰਚ ਗਿਆ ਹੈ। ਉਹ ਪਹਿਲਾਂ ਹੀ ਟੀ-20 ਅਤੇ ਵਨਡੇ ‘ਚ ਚੋਟੀ ‘ਤੇ ਹੈ। ਪਹਿਲੀ ਵਾਰ ਭਾਰਤੀ ਟੀਮ (Indian team) ਤਿੰਨੋਂ ਫਾਰਮੈਟਾਂ ਵਿੱਚ ਇੱਕੋ ਸਮੇਂ ਸਿਖਰ ’ਤੇ ਪੁੱਜੀ ਹੈ। ਇਸ ਤੋਂ ਪਹਿਲਾਂ 2014 ਵਿੱਚ ਦੱਖਣੀ ਅਫ਼ਰੀਕਾ ਦੀ ਟੀਮ ਇੱਕੋ ਸਮੇਂ ਤਿੰਨੋਂ ਫਾਰਮੈਟਾਂ ਵਿੱਚ ਪਹਿਲੇ ਸਥਾਨ ’ਤੇ ਸੀ।
ਆਸਟ੍ਰੇਲੀਆ ‘ਤੇ ਵੱਡੀ ਜਿੱਤ ਤੋਂ ਬਾਅਦ ਰੋਹਿਤ ਸ਼ਰਮਾ ਦੀ ਟੀਮ ਦੇ 115 ਅੰਕ ਹੋ ਗਏ ਹਨ। ਉਹ ਦੂਜੇ ਸਥਾਨ ‘ਤੇ ਕਾਬਜ਼ ਆਸਟਰੇਲੀਆ ਤੋਂ ਚਾਰ ਅੰਕ ਪਿੱਛੇ ਹੈ। ਇੰਗਲੈਂਡ ਦੀ ਟੀਮ ਤੀਜੇ ਸਥਾਨ ‘ਤੇ ਹੈ। ਉਸ ਦੇ 106 ਅੰਕ ਹਨ। ਇੰਗਲੈਂਡ ਕੋਲ ਨਿਊਜ਼ੀਲੈਂਡ ਖ਼ਿਲਾਫ਼ 16 ਫਰਵਰੀ ਤੋਂ ਸ਼ੁਰੂ ਹੋ ਰਹੀ ਲੜੀ ਵਿੱਚ ਆਪਣੀ ਰੈਂਕਿੰਗ ਵਿੱਚ ਸੁਧਾਰ ਕਰਨ ਦਾ ਮੌਕਾ ਹੋਵੇਗਾ।