ਚੰਡੀਗੜ੍ਹ, 26 ਜੂਨ 2024: ਕੈਬਿਨਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਹਰਿਆਲੀ ਮਿਸ਼ਨ ਤਹਿਤ ਮੌਜੂਦਾ ਸਾਲ 105 ਨਾਨਕ ਬਗੀਚੀਆਂ ਅਤੇ 25 ਪਵਿੱਤਰ ਵਣ ਸਥਾਪਿਤ ਕਰਨ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ | ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਸਾਫ਼-ਸੁਥਰਾ ਤੇ ਹਰਿਆ-ਭਰਿਆ ਵਾਤਾਵਰਣ (Environment) ਬਣਾਉਣ ਲਈ ਕਦਮ ਚੁੱਕ ਰਹੀ ਹੈ |
ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਲ 2023-24 ਦੌਰਾਨ ਵਿਭਾਗ ਨੇ 5740 ਹੈਕਟੇਅਰ ਰਕਬੇ ‘ਤੇ ਵੱਖ-ਵੱਖ ਸਕੀਮਾਂ ਤਹਿਤ 44 ਲੱਖ ਬੂਟੇ ਲਾਏ ਹਨ। ਇਸ ਤੋਂ ਇਲਾਵਾ ਵਿਭਾਗ ਪੰਜਾਬ ਹਰਿਆਵਲ ਲਹਿਰ ਤਹਿਤ (Environment) ਮੌਜੂਦਾ ਸਾਲ ਦੌਰਾਨ 4.60 ਲੱਖ ਟਿਊਬਵੈੱਲਾਂ ‘ਤੇ 8.31 ਲੱਖ ਬੂਟੇ ਲਗਾਏ ਹਨ।
ਇਸਦੇ ਨਾਲ ਹੀ ਸਟੇਟ ਅਥਾਰਟੀ ਕੈਂਪਾ ਸਕੀਮ ਤਹਿਤ ਬੀਬੀਆਂ ਲਈ ਸਵੱਛਤਾ ਨੂੰ ਯਕੀਨੀ ਬਣਾਉਣ ਲਈ 3 ਕਰੋੜ ਰੁਪਏ ਦੀ ਲਾਗਤ ਨਾਲ ਵੱਖ-ਵੱਖ ਨਰਸਰੀਆਂ ‘ਚ 100 ਪਖਾਨਿਆਂ ਦੀ ਉਸਾਰੀ ਕੀਤੀ ਹੈ। ਪੰਜਾਬ ਸਰਕਾਰ ਮੁਤਾਬਕ ਸਾਲ 2024-25 ਦੌਰਾਨ 45 ਹੋਰ ਪਖਾਨੇ ਤਿਆਰ ਕੀਤੇ ਜਾਣਗੇ |