July 7, 2024 2:30 pm
Himachal Pradesh

ਹਿਮਾਚਲ ਪ੍ਰਦੇਸ਼ ‘ਚ ਬਾਹਰੀ ਵਾਹਨਾਂ ਦੀ ਐਂਟਰੀ ਹੋਈ ਮਹਿੰਗੀ, ਨਵੇਂ ਰੇਟ 01 ਅਪ੍ਰੈਲ ਤੋਂ ਹੋਣਗੇ ਲਾਗੂ

ਚੰਡੀਗੜ੍ਹ, 11 ਮਾਰਚ 2023: ਹਿਮਾਚਲ ਪ੍ਰਦੇਸ਼ (Himachal Pradesh) ‘ਚ ਦਾਖਲ ਹੋਣ ਲਈ ਹੁਣ ਜ਼ਿਆਦਾ ਫੀਸ ਦਾ ਭੁਗਤਾਨ ਕਰਨਾ ਪਵੇਗਾ । ਹਿਮਾਚਲ ਪ੍ਰਦੇਸ਼ ‘ਚ ਟੋਲ ਬੈਰੀਅਰਾਂ ਦੀ ਨਿਲਾਮੀ ਤੋਂ ਇਕ ਦਿਨ ਬਾਅਦ ਹੀ ਐਂਟਰੀ ਟੈਕਸ ਵੀ ਵਧਾ ਦਿੱਤਾ ਹੈ। ਆਬਕਾਰੀ ਤੇ ਕਰ ਵਿਭਾਗ ਨੇ ਟੋਲ ਬੈਰੀਅਰਾਂ ‘ਤੇ ਐਂਟਰੀ ਟੈਕਸ ਦੀਆਂ ਨਵੀਆਂ ਦਰਾਂ ਜਾਰੀ ਕਰ ਦਿੱਤੀਆਂ ਹਨ। ਦੱਸ ਦੇਈਏ ਕਿ ਹਿਮਾਚਲ ਦੇ ਪ੍ਰਾਈਵੇਟ ਵਾਹਨਾਂ ਤੋਂ ਕੋਈ ਟੈਕਸ ਨਹੀਂ ਲਿਆ ਜਾਵੇਗਾ, ਪਰ ਹਿਮਾਚਲ ਪ੍ਰਦੇਸ਼ ਨੰਬਰ ਵਾਲੇ ਕਮਰਸ਼ੀਅਲ ਵਾਹਨਾਂ ਨੂੰ ਟੈਕਸ ਦੇਣਾ ਹੋਵੇਗਾ।

ਇਸ ਤੋਂ ਇਲਾਵਾ ਜੇਕਰ ਕੋਈ ਡਰਾਈਵਰ 3 ਮਹੀਨਿਆਂ ਲਈ ਆਪਣਾ ਪਰਮਿਟ ਬਣਾਉਂਦਾ ਹੈ ਤਾਂ ਉਸ ਨੂੰ 1500 ਰੁਪਏ ਫੀਸ ਦੇਣੀ ਪਵੇਗੀ। ਜੇਕਰ ਕੋਈ 1 ਸਾਲ ਲਈ ਪਰਮਿਟ ਬਣਾਉਣਾ ਚਾਹੁੰਦਾ ਹੈ ਤਾਂ 3500 ਰੁਪਏ ਫੀਸ ਦੇਣੀ ਪਵੇਗੀ। ਆਬਕਾਰੀ ਤੇ ਕਰ ਕਮਿਸ਼ਨਰ ਯੂਨਸ ਖਾਨ ਨੇ ਦੱਸਿਆ ਕਿ ਐਂਟਰੀ ਟੈਕਸ ਦੀਆਂ ਇਹ ਨਵੀਆਂ ਦਰਾਂ ਅਗਲੇ ਇੱਕ ਸਾਲ ਤੱਕ ਲਾਗੂ ਰਹਿਣਗੀਆਂ।

ਹਿਮਾਚਲ ਪ੍ਰਦੇਸ਼ (Himachal Pradesh) ‘ਚ ਪਿਛਲੇ 2 ਦਿਨਾਂ ‘ਚ 13 ਬੈਰੀਅਰ 132.52 ਕਰੋੜ ਰੁਪਏ ‘ਚ ਨਿਲਾਮ ਹੋਏ ਹਨ । ਅਜਿਹੇ ‘ਚ ਟੋਲ ਬੈਰੀਅਰ ‘ਤੇ ਐਂਟਰੀ ਟੈਕਸ ਦੀ ਦਰ ‘ਚ ਵਾਧੇ ਦਾ ਲਾਭ ਤਾਂ ਠੇਕੇਦਾਰਾਂ ਨੂੰ ਮਿਲਣਾ ਹੈ ਪਰ ਹਿਮਾਚਲ ਪ੍ਰਦੇਸ਼ ‘ਚ ਆਉਣ ਵਾਲੇ ਲੋਕਾਂ ਨੂੰ ਆਪਣੀ ਜੇਬ ਹੋਰ ਢਿੱਲੀ ਕਰਨੀ ਪਵੇਗੀ।

ਅਲੱਗ-ਅਲੱਗ ਵਾਹਨਾਂ ਲਈ ਅਲੱਗ ਰੇਟ :-

250 ਕੁਇੰਟਲ ਜਾਂ ਇਸ ਤੋਂ ਵੱਧ ਲੋਡਿੰਗ ਵਾਲੇ ਵਾਹਨ ਤੋਂ ਪਹਿਲੀ ਵਾਰ ਐਂਟਰੀ ਟੈਕਸ ਵਸੂਲਿਆ ਜਾਵੇਗਾ ਅਤੇ ਇਹ 600 ਹੋਵੇਗਾ। 120 ਤੋਂ 250 ਕੁਇੰਟਲ ਵਜ਼ਨ ਵਾਲੇ ਵਾਹਨਾਂ ‘ਤੇ 450 ਰੁਪਏ ਦੀ ਬਜਾਏ 500 ਰੁਪਏ ਦਾ ਐਂਟਰੀ ਟੈਕਸ ਵਸੂਲਿਆ ਜਾਵੇਗਾ। 90 ਤੋਂ 120 ਕੁਇੰਟਲ ਵਾਲੇ ਵਾਹਨ ਤੋਂ 230 ਦੀ ਬਜਾਏ 250 ਰੁਪਏ ਵਸੂਲੇ ਜਾਣਗੇ। 20 ਤੋਂ 90 ਕੁਇੰਟਲ ਭਾਰ ਵਾਲੇ ਵਾਹਨਾਂ ਤੋਂ 120 ਰੁਪਏ ਦੀ ਬਜਾਏ 140 ਰੁਪਏ ਐਂਟਰੀ ਟੈਕਸ ਵਸੂਲਿਆ ਜਾਵੇਗਾ। 20 ਕੁਇੰਟਲ ਤੋਂ ਘੱਟ ਭਾਰ ਵਾਲੇ ਵਾਹਨਾਂ ਤੋਂ 90 ਰੁਪਏ ਦੀ ਬਜਾਏ 100 ਰੁਪਏ ਦਾ ਐਂਟਰੀ ਟੈਕਸ ਵਸੂਲਿਆ ਜਾਵੇਗਾ।

ਇਸੇ ਤਰ੍ਹਾਂ 12 ਯਾਤਰੀਆਂ ਨੂੰ ਲਿਜਾਣ ਵਾਲੇ ਵਾਹਨ ਲਈ 120 ਰੁਪਏ ਦੀ ਬਜਾਏ 140 ਰੁਪਏ ਵਸੂਲੇ ਜਾਣਗੇ। ਜੇਕਰ 6 ਤੋਂ 12 ਸਵਾਰੀਆਂ ਵਾਲੀ ਗੱਡੀ ਡਰਾਈਵਰ ਦੇ ਨਾਲ ਜਾਵੇਗੀ ਤਾਂ 70 ਤੋਂ 80 ਰੁਪਏ ਦਾ ਐਂਟਰੀ ਟੈਕਸ ਦੇਣਾ ਪਵੇਗਾ। 5 ਯਾਤਰੀਆਂ ਨੂੰ ਲਿਜਾਣ ਵਾਲੇ ਸਰਕਾਰੀ ਅਤੇ ਨਿੱਜੀ ਵਾਹਨਾਂ ਨੂੰ ਪਹਿਲਾਂ ਵਾਂਗ 50 ਰੁਪਏ ਫੀਸ ਦੇਣੀ ਪਵੇਗੀ। ਪ੍ਰਾਈਵੇਟ ਰਜਿਸਟਰਡ ਵਾਹਨ ਦੇ ਮਾਲਕ ਨੂੰ 40 ਰੁਪਏ ਦੀ ਬਜਾਏ 50 ਰੁਪਏ ਐਂਟਰੀ ਫੀਸ ਦੇਣੀ ਪਵੇਗੀ। ਜੇਕਰ ਕੋਈ ਟਰੈਕਟਰ ਪ੍ਰਾਈਵੇਟ ਜਾਂ ਪਬਲਿਕ ਵਾਹਨ ਹੈ ਤਾਂ 50 ਰੁਪਏ ਦੀ ਬਜਾਏ 60 ਰੁਪਏ ਵਸੂਲੇ ਜਾਣਗੇ।

ਵਿਭਾਗ ਨੇ ਮੋਟਰ ਰਿਕਸ਼ਾ ਅਤੇ ਸਕੂਟਰ ਰਿਕਸ਼ਾ ਦੇ ਐਂਟਰੀ ਟੈਕਸ ਵਿੱਚ ਕੋਈ ਵਾਧਾ ਨਹੀਂ ਕੀਤਾ ਹੈ। ਇਸ ਦੇ ਰੇਟ ਪਹਿਲਾਂ ਵਾਂਗ 30 ਰੁਪਏ ਹੀ ਰਹਿਣਗੇ। ਐਂਟਰੀ ਟੈਕਸ ਦੀਆਂ ਇਹ ਵਧੀਆਂ ਦਰਾਂ 1 ਅਪ੍ਰੈਲ ਤੋਂ ਲਾਗੂ ਹੋਣਗੀਆਂ ਅਤੇ ਅਗਲੇ ਸਾਲ 31 ਮਾਰਚ ਤੱਕ ਲਾਗੂ ਰਹਿਣਗੀਆਂ। ਇਹ ਐਂਟਰੀ ਟੈਕਸ ਬਾਹਰੋਂ ਹਿਮਾਚਲ ਆਉਣ ਵਾਲੇ ਵਾਹਨਾਂ ਤੋਂ ਹੀ ਵਸੂਲਿਆ ਜਾਵੇਗਾ। ਰਸੀਦ 24 ਘੰਟਿਆਂ ਲਈ ਵੈਧ ਹੋਵੇਗੀ। ਜੇਕਰ ਕਿਸੇ ਬੈਰੀਅਰ ‘ਤੇ ਓਵਰਚਾਰਜ ਲਗਾਉਣ ਦੀ ਅਣਦੇਖੀ ਕੀਤੀ ਜਾਂਦੀ ਹੈ, ਤਾਂ ਵਿਅਕਤੀ ਬੈਰੀਅਰ ‘ਤੇ ਇਸ ਬਾਰੇ ਸ਼ਿਕਾਇਤ ਕਰ ਸਕਦਾ ਹੈ।