ਬ੍ਰਿਸਟਲ, 09 ਜੂਨ 2025: ENG ਬਨਾਮ WI: ਇੰਗਲੈਂਡ ਦੀ ਟੀਮ ਨੇ ਬ੍ਰਿਸਟਲ ‘ਚ ਖੇਡੇ ਗਏ ਦੂਜੇ ਟੀ-20 ਮੈਚ ‘ਚ ਵੈਸਟਇੰਡੀਜ਼ ਨੂੰ 4 ਵਿਕਟਾਂ ਨਾਲ ਹਰਾ ਕੇ ਇੰਗਲੈਂਡ ਨੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ‘ਚ 2-0 ਦੀ ਬੜ੍ਹਤ ਬਣਾ ਲਈ ਹੈ ਅਤੇ ਸੀਰੀਜ਼ ‘ਤੇ ਕਬਜ਼ਾ ਕਰ ਲਿਆ ਹੈ | ਵੈਸਟਇੰਡੀਜ਼ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 6 ਵਿਕਟਾਂ ‘ਤੇ 196 ਦੌੜਾਂ ਬਣਾਈਆਂ ਸਨ। ਇਸਦੇ ਜਵਾਬ ‘ਚ ਇੰਗਲੈਂਡ ਨੇ 6 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ।
ਇੰਗਲੈਂਡ ਦੀ ਟੀਮ ਨੇ ਵੈਸਟਇੰਡੀਜ਼ ਖਿਲਾਫ਼ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਇਸ ਦੌਰਾਨ ਵੈਸਟਇੰਡੀਜ਼ ਦੀ ਸ਼ੁਰੂਆਤ ਬੇਹੱਦ ਖ਼ਰਾਬ ਰਹੀ। ਏਵਿਨ ਲੁਈਸ ਪਹਿਲੀ ਹੀ ਗੇਂਦ ‘ਤੇ ਆਊਟ ਹੋ ਗਏ। ਹਾਲਾਂਕਿ, ਇਸ ਤੋਂ ਬਾਅਦ ਕਪਤਾਨ ਸ਼ਾਈ ਹੋਪ ਅਤੇ ਦੂਜੇ ਓਪਨਰ ਜੌਹਨਸਨ ਚਾਰਲਸ ਨੇ ਪਾਰੀ ਦੀ ਕਮਾਨ ਸੰਭਾਲੀ। ਦੋਵਾਂ ਨੇ ਦੂਜੀ ਵਿਕਟ ਲਈ 66 ਗੇਂਦਾਂ ‘ਚ 90 ਦੌੜਾਂ ਦੀ ਸਾਂਝੇਦਾਰੀ ਕੀਤੀ।
ਪੰਜਵੀਂ ਵਿਕਟ ਲਈ, ਰੋਮਾਰੀਓ ਸ਼ੈਫਰਡ ਅਤੇ ਰੋਵਮੈਨ ਪਾਵੇਲ ਵਿਚਕਾਰ 13 ਗੇਂਦਾਂ ‘ਚ 31 ਦੌੜਾਂ ਦੀ ਸਾਂਝੇਦਾਰੀ ਹੋਈ। ਪਾਵੇਲ 34 ਦੌੜਾਂ ਬਣਾਉਣ ਤੋਂ ਬਾਅਦ ਆਊਟ ਹੋ ਗਏ। ਛੇਵੀਂ ਵਿਕਟ ਲਈ, ਸ਼ੈਫਰਡ ਨੇ ਜੇਸਨ ਹੋਲਡਰ ਨਾਲ 14 ਗੇਂਦਾਂ ‘ਚ 42 ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਸਕੋਰ ਨੂੰ 190 ਤੋਂ ਪਾਰ ਲੈ ਜਾਣ ‘ਚ ਮਹੱਤਵਪੂਰਨ ਭੂਮਿਕਾ ਨਿਭਾਈ। ਹੋਲਡਰ ਨੇ 9 ਗੇਂਦਾਂ ‘ਚ ਨਾਬਾਦ 29 ਦੌੜਾਂ ਬਣਾਈਆਂ।
197 ਦੌੜਾਂ ਦੇ ਟੀਚੇ (ENG ਬਨਾਮ WI) ਦਾ ਪਿੱਛਾ ਕਰਦਿਆਂ ਇੰਗਲੈਂਡ ਦੀ ਸ਼ੁਰੂਆਤ ਵੀ ਖ਼ਰਾਬ ਰਹੀ। ਜੈਮੀ ਸਮਿਥ 9 ਦੌੜਾਂ ਦੇ ਸਕੋਰ ‘ਤੇ ਪੈਵੇਲੀਅਨ ਵਾਪਸ ਪਰਤ ਗਏ। ਇਸ ਤੋਂ ਬਾਅਦ ਜੋਸ ਬਟਲਰ ਅਤੇ ਬੇਨ ਡਕੇਟ ਨੇ ਦੂਜੀ ਵਿਕਟ ਲਈ 37 ਗੇਂਦਾਂ ‘ਚ 63 ਦੌੜਾਂ ਦੀ ਸਾਂਝੇਦਾਰੀ ਕਰਕੇ ਪਾਰੀ ਨੂੰ ਸੰਭਾਲਿਆ।
ਬਟਲਰ ਨੇ ਤੀਜੀ ਵਿਕਟ ਲਈ ਹੈਰੀ ਬਰੂਕ ਨਾਲ 29 ਗੇਂਦਾਂ ‘ਚ 40 ਦੌੜਾਂ ਦੀ ਸਾਂਝੇਦਾਰੀ ਕੀਤੀ। ਟੌਮ ਬੈਂਟਨ ਨੇ ਛੇਵੀਂ ਵਿਕਟ ਲਈ ਜੈਕਬ ਬੈਥਲ ਨਾਲ 15 ਗੇਂਦਾਂ ‘ਚ 43 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਜਿੱਤ ਦਿਵਾਈ।
Read More: IND-A ਬਨਾਮ ENG-A: ਦੂਜੇ ਟੈਸਟ ‘ਚ ਕੇਐਲ ਰਾਹੁਲ ਨੇ ਜੜਿਆ ਸੈਂਕੜਾ, ਅੰਪਾਇਰ ਦੇ ਫੈਸਲੇ ਤੋਂ ਨਾਰਾਜ ਦਿਖੇ ਜੈਸਵਾਲ