ਚੰਡੀਗੜ੍ਹ, 21 ਅਕਤੂਬਰ 2023: (ENG vs SA) ਵਿਸ਼ਵ ਕੱਪ ਦੇ 20ਵੇਂ ਮੈਚ ‘ਚ ਇੰਗਲੈਂਡ ਸਾਹਮਣੇ ਦੱਖਣੀ ਅਫਰੀਕਾ ਦੀ ਚੁਣੌਤੀ ਹੈ। ਦੋਵੇਂ ਟੀਮਾਂ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਆਹਮੋ-ਸਾਹਮਣੇ ਹਨ। ਇੰਗਲੈਂਡ ਦੇ ਕਪਤਾਨ ਜੋਸ ਬਟਲਰ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ। ਦੱਖਣੀ ਅਫਰੀਕਾ ਨੇ 50 ਓਵਰਾਂ ‘ਚ ਸੱਤ ਵਿਕਟਾਂ ‘ਤੇ 399 ਦੌੜਾਂ ਬਣਾਈਆਂ। ਇੰਗਲੈਂਡ ਨੂੰ ਜਿੱਤ ਲਈ 400 ਦੌੜਾਂ ਦਾ ਟੀਚਾ ਮਿਲਿਆ।
ਦੱਖਣੀ ਅਫਰੀਕਾ ਲਈ ਹੇਨਰਿਚ ਕਲਾਸੇਨ ਨੇ ਸੈਂਕੜਾ ਲਗਾਇਆ। ਰਾਸੀ ਵੈਨ ਡੇਰ ਡੁਸਨ, ਰੀਜ਼ਾ ਹੈਂਡਰਿਕਸ ਅਤੇ ਮਾਰਕੋ ਜੈਨਸਨ ਨੇ ਅਰਧ ਸੈਂਕੜੇ ਲਗਾਏ। ਕਲਾਸੇਨ ਨੇ 67 ਗੇਂਦਾਂ ‘ਤੇ 109 ਦੌੜਾਂ ਬਣਾਈਆਂ। ਉਸ ਨੇ 12 ਚੌਕੇ ਤੇ ਚਾਰ ਛੱਕੇ ਲਾਏ। ਹੈਂਡਰਿਕਸ ਨੇ 75 ਗੇਂਦਾਂ ਦੀ ਪਾਰੀ ਵਿੱਚ 85 ਦੌੜਾਂ ਬਣਾਈਆਂ। ਉਸ ਨੇ ਨੌਂ ਚੌਕੇ ਤੇ ਤਿੰਨ ਛੱਕੇ ਲਾਏ। ਮਾਰਕੋ ਯੈਨਸਨ ਨੇ 42 ਗੇਂਦਾਂ ‘ਤੇ 75 ਦੌੜਾਂ ਬਣਾਈਆਂ। ਉਸ ਨੇ ਆਪਣੀ ਪਾਰੀ ਵਿੱਚ ਤਿੰਨ ਚੌਕੇ ਅਤੇ ਛੇ ਛੱਕੇ ਜੜੇ। ਡੁਸੇਨ ਨੇ 61 ਗੇਂਦਾਂ ‘ਚ ਅੱਠ ਚੌਕਿਆਂ ਦੀ ਮਦਦ ਨਾਲ 60 ਦੌੜਾਂ ਬਣਾਈਆਂ।
ਦੱਖਣੀ ਅਫਰੀਕਾ ਨੇ ਵਿਸ਼ਵ ਕੱਪ ‘ਚ ਇੰਗਲੈਂਡ ਖਿਲਾਫ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਬਣਾਇਆ ਹੈ। ਉਹ ਪਾਕਿਸਤਾਨ ਨੂੰ ਪਿੱਛੇ ਛੱਡ ਗਿਆ। ਪਾਕਿਸਤਾਨ ਨੇ 2019 ‘ਚ ਅੱਠ ਵਿਕਟਾਂ ‘ਤੇ 348 ਦੌੜਾਂ ਬਣਾਈਆਂ ਸਨ। ਇੰਨਾ ਹੀ ਨਹੀਂ ਇਹ ਵਨਡੇ ਕ੍ਰਿਕਟ ‘ਚ ਇੰਗਲੈਂਡ ਖਿਲਾਫ ਕਿਸੇ ਵੀ ਟੀਮ ਦਾ ਸਭ ਤੋਂ ਵੱਡਾ ਸਕੋਰ ਹੈ। ਦੱਖਣੀ ਅਫਰੀਕਾ ਨੇ ਇਸ ਮਾਮਲੇ ਵਿੱਚ ਨਿਊਜ਼ੀਲੈਂਡ ਨੂੰ ਪਿੱਛੇ ਛੱਡ ਦਿੱਤਾ ਹੈ। 2015 ‘ਚ ਨਿਊਜ਼ੀਲੈਂਡ ਨੇ ਓਵਲ ‘ਚ ਪੰਜ ਵਿਕਟਾਂ ‘ਤੇ 398 ਦੌੜਾਂ ਬਣਾਈਆਂ ਸਨ।