ENG ਬਨਾਮ SA

ENG ਬਨਾਮ SA: ਇੰਗਲੈਂਡ ਨੇ ਦੂਜੇ ਟੀ-20 ਮੈਚ ‘ਚ ਦੱਖਣੀ ਅਫਰੀਕਾ ਨੂੰ 146 ਦੌੜਾਂ ਨਾਲ ਹਰਾਇਆ

ਸਪੋਰਟਸ, 13 ਸਤੰਬਰ 2025: ENG ਬਨਾਮ SA: ਇੰਗਲੈਂਡ ਨੇ ਮੈਨਚੈਸਟਰ ਦੇ ਓਲਡ ਟ੍ਰੈਫੋਰਡ ਕ੍ਰਿਕਟ ਗਰਾਊਂਡ ‘ਤੇ ਖੇਡੇ ਦੂਜੇ ਟੀ-20 ਮੈਚ ‘ਚ ਦੱਖਣੀ ਅਫਰੀਕਾ ਨੂੰ 146 ਦੌੜਾਂ ਨਾਲ ਹਰਾ ਕੇ ਸੀਰੀਜ਼ 1-1 ਨਾਲ ਬਰਾਬਰ ਕਰ ਲਈ। ਇੰਗਲੈਂਡ ਨੇ 20 ਓਵਰਾਂ ‘ਚ 304 ਦੌੜਾਂ ਬਣਾਈਆਂ, ਜੋ ਕਿ ਟੀ-20 ਅੰਤਰਰਾਸ਼ਟਰੀ ‘ਚ ਉਸਦਾ ਸਭ ਤੋਂ ਵੱਡਾ ਸਕੋਰ ਹੈ ਅਤੇ ਦੁਨੀਆ ‘ਚ ਤੀਜਾ ਸਭ ਤੋਂ ਵੱਡਾ ਸਕੋਰ ਹੈ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਟੈਸਟ ਖੇਡਣ ਵਾਲੇ ਦੇਸ਼ ਨੇ ਟੀ-20 ‘ਚ 300 ਤੋਂ ਵੱਧ ਦੌੜਾਂ ਬਣਾਈਆਂ ਹਨ।

ਫਿਲ ਸਾਲਟ (Phil salt)  ਨੇ ਇੰਗਲੈਂਡ ਲਈ 141 ਦੌੜਾਂ ਦੀ ਨਾਬਾਦ ਪਾਰੀ ਖੇਡੀ, ਜੋ ਕਿ ਟੀਮ ਲਈ ਸਭ ਤੋਂ ਵੱਧ ਵਿਅਕਤੀਗਤ ਸਕੋਰ ਹੈ। ਉਨ੍ਹਾਂ ਨੇ ਸਿਰਫ਼ 39 ਗੇਂਦਾਂ ‘ਚ ਸੈਂਕੜਾ ਲਗਾ ਕੇ ਇੰਗਲੈਂਡ ਲਈ ਸਭ ਤੋਂ ਤੇਜ਼ ਸੈਂਕੜਾ ਲਗਾਉਣ ਦਾ ਰਿਕਾਰਡ ਵੀ ਬਣਾਇਆ।

305 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਵਾਲੀ ਦੱਖਣੀ ਅਫਰੀਕਾ 16.1 ਓਵਰਾਂ ‘ਚ 158 ਦੌੜਾਂ ‘ਤੇ ਆਲ ਆਊਟ ਹੋ ਗਈ। ਦੱਖਣੀ ਅਫਰੀਕਾ ਲਈ ਕਪਤਾਨ ਏਡਨ ਮਾਰਕਰਾਮ ਨੇ ਸਭ ਤੋਂ ਵੱਧ 41 ਦੌੜਾਂ ਬਣਾਈਆਂ ਜਦੋਂ ਕਿ ਰਿਆਨ ਰਿਕਲਟਨ ਨੇ 20 ਦੌੜਾਂ ਦਾ ਯੋਗਦਾਨ ਪਾਇਆ। ਡੋਨੋਵਨ ਫੇਰੇਰਾ ਅਤੇ ਟ੍ਰਿਸਟਨ ਸਟੱਬਸ ਨੇ 23-23 ਦੌੜਾਂ ਬਣਾਈਆਂ। ਬਾਇਰਮ ਫੋਰਟਨ ਨੇ 32 ਦੌੜਾਂ ਦੀ ਪਾਰੀ ਖੇਡੀ। ਇੰਗਲੈਂਡ ਲਈ ਜੋਫਰਾ ਆਰਚਰ ਨੇ 3 ਵਿਕਟਾਂ ਲਈਆਂ ਜਦੋਂ ਕਿ ਸੈਮ ਕੁਰਨ, ਡਾਸਨ ਅਤੇ ਵਿਲ ਜੈਕਸ ਨੇ ਦੋ-ਦੋ ਵਿਕਟਾਂ ਲਈਆਂ।

ਇੰਗਲੈਂਡ ਲਈ ਬਟਲਰ ਦਾ ਸਭ ਤੋਂ ਤੇਜ਼ ਅਰਧ ਸੈਂਕੜਾ

ਬਟਲਰ (Jos Buttler) ਨੇ 18 ਗੇਂਦਾਂ ‘ਚ ਟੀ-20 ਕਰੀਅਰ ਦਾ ਆਪਣਾ ਸਭ ਤੋਂ ਤੇਜ਼ ਅਰਧ ਸੈਂਕੜਾ ਪੂਰਾ ਕੀਤਾ। ਨੌਜਵਾਨ ਕਵੇਨਾ ਨੇ ਪਾਵਰਪਲੇ ਦੇ ਆਖਰੀ ਓਵਰ ‘ਚ 12 ਦੌੜਾਂ ਦਿੱਤੀਆਂ, ਉਦੋਂ ਤੱਕ ਬਟਲਰ 24 ਗੇਂਦਾਂ ‘ਚ 65 ਦੌੜਾਂ ਬਣਾ ਚੁੱਕਾ ਸੀ। ਉਹ ਫਾਰਚੂਨ ਦੀ ਗੇਂਦ ‘ਤੇ 83 ਦੌੜਾਂ ਬਣਾ ਕੇ ਆਊਟ ਹੋ ਗਿਆ।

ਇਸ ਤੋਂ ਬਾਅਦ ਸਾਲਟ ਨੇ ਪਾਰੀ ਦੀ ਕਮਾਨ ਸੰਭਾਲੀ। ਉਨ੍ਹਾਂ ਨੇ ਜੈਕਬ ਬੇਥਲ (14 ਗੇਂਦਾਂ, 26 ਦੌੜਾਂ) ਨਾਲ ਦੂਜੀ ਵਿਕਟ ਲਈ 41 ਗੇਂਦਾਂ ‘ਚ 95 ਦੌੜਾਂ ਅਤੇ ਹੈਰੀ ਬਰੂਕ (41 ਦੌੜਾਂ) ਨਾਲ ਤੀਜੀ ਵਿਕਟ ਲਈ 37 ਗੇਂਦਾਂ ‘ਚ ਨਾਬਾਦ 83 ਦੌੜਾਂ ਦੀ ਸਾਂਝੇਦਾਰੀ ਕੀਤੀ। ਇੰਗਲੈਂਡ ਨੇ 304/2 ਦਾ ਵੱਡਾ ਸਕੋਰ ਬਣਾਇਆ।

Read More: SA ਬਨਾਮ ENG: ਦੱਖਣੀ ਅਫਰੀਕਾ ਨੇ ਟੀ-20 ‘ਚ ਇੰਗਲੈਂਡ ਨੂੰ ਡਕਵਰਥ-ਲੂਈਸ ਨਿਯਮ ਤਹਿਤ ਹਰਾਇਆ

Scroll to Top