ਚੰਡੀਗੜ੍ਹ, 27 ਫਰਵਰੀ 2025: Eng vs AFG: ਅਫਗਾਨਿਸਤਾਨ ਨੇ ਇੰਗਲੈਂਡ ਨੂੰ 8 ਦੌੜਾਂ ਨਾਲ ਹਰਾ ਕੇ ਚੈਂਪੀਅਨਜ਼ ਟਰਾਫੀ 2025 ਤੋਂ ਬਾਹਰ ਕਰ ਦਿੱਤਾ ਹੈ। ਬੁੱਧਵਾਰ ਨੂੰ ਲਾਹੌਰ ਦੇ ਗੱਦਾਫੀ ਸਟੇਡੀਅਮ ‘ਚ ਅਫਗਾਨਿਸਤਾਨ ਨੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਓਪਨਰ ਇਬਰਾਹਿਮ ਜ਼ਾਦਰਾਨ (Ibrahim Zadran) ਨੇ 177 ਦੌੜਾਂ ਬਣਾਈਆਂ, ਜੋ ਕਿ ਚੈਂਪੀਅਨਜ਼ ਟਰਾਫੀ ਦੇ ਇਤਿਹਾਸ ‘ਚ ਸਭ ਤੋਂ ਵੱਧ ਵਿਅਕਤੀਗਤ ਸਕੋਰ ਹੈ।
ਅਫਗਾਨਿਸਤਾਨ ਟੀਮ ਨੇ 7 ਵਿਕਟਾਂ ਗੁਆ ਕੇ 325 ਦੌੜਾਂ ਬਣਾਈਆਂ। ਇੰਗਲੈਂਡ ਦੀ ਟੀਮ 49.5 ਓਵਰਾਂ ਵਿੱਚ 317 ਦੌੜਾਂ ‘ਤੇ ਆਲ ਆਊਟ ਹੋ ਗਈ। ਅਫਗਾਨਿਸਤਾਨ ਵੱਲੋਂ ਅਜ਼ਮਤੁੱਲਾ ਉਮਰਜ਼ਈ ਨੇ 5 ਵਿਕਟਾਂ ਲਈਆਂ ਅਤੇ ਇੰਗਲੈਂਡ ਵੱਲੋਂ ਜੋਅ ਰੂਟ ਨੇ 120 ਦੌੜਾਂ ਬਣਾਈਆਂ।
ਗਰੁੱਪ ਬੀ ‘ਚ 4 ਟੀਮਾਂ ਹਨ, ਆਸਟ੍ਰੇਲੀਆ, ਦੱਖਣੀ ਅਫਰੀਕਾ, ਅਫਗਾਨਿਸਤਾਨ ਅਤੇ ਇੰਗਲੈਂਡ। ਇੱਕ ਗਰੁੱਪ ‘ਚੋਂ ਸਿਰਫ਼ 2 ਟੀਮਾਂ ਸੈਮੀਫਾਈਨਲ ‘ਚ ਪਹੁੰਚਣਗੀਆਂ। ਸਾਰੀਆਂ ਟੀਮਾਂ ਦੇ 2-2 ਮੈਚ ਖੇਡਣ ਤੋਂ ਬਾਅਦ, ਦੱਖਣੀ ਅਫਰੀਕਾ ਅਤੇ ਆਸਟ੍ਰੇਲੀਆ 3-3 ਅੰਕਾਂ ਨਾਲ ਚੋਟੀ ਦੇ 2 ਸਥਾਨਾਂ ‘ਤੇ ਹਨ। ਇਬਰਾਹਿਮ ਜ਼ਾਦਰਾਨ (Ibrahim Zadran) ਦਾ ਸੈਂਕੜਾ ਅਫਗਾਨਿਸਤਾਨ ਲਈ ਜਿੱਤ ਦਾ ਕਾਰਨ ਬਣਿਆ |
ਅਫਗਾਨਿਸਤਾਨ ਨੇ ਇੰਗਲੈਂਡ ਨੂੰ ਹਰਾ ਕੇ 2 ਅੰਕ ਪ੍ਰਾਪਤ ਕੀਤੇ, ਟੀਮ ਤੀਜੇ ਸਥਾਨ ‘ਤੇ ਹੈ। ਇੰਗਲੈਂਡ ਇੱਕ ਵੀ ਮੈਚ ਨਹੀਂ ਜਿੱਤ ਸਕਿਆ, ਦੱਖਣੀ ਅਫਰੀਕਾ ਖਿਲਾਫ ਆਖਰੀ ਮੈਚ ਜਿੱਤਣ ਤੋਂ ਬਾਅਦ ਵੀ ਟੀਮ ਸਿਰਫ 2 ਅੰਕਾਂ ਤੱਕ ਹੀ ਪਹੁੰਚ ਸਕੇਗੀ। ਜੋ ਕਿ ਟਾਪ-2 ਸਥਾਨ ‘ਤੇ ਪਹੁੰਚਣ ਲਈ ਕਾਫ਼ੀ ਨਹੀਂ ਹੈ। ਦੂਜੇ ਪਾਸੇ, ਜੇਕਰ ਅਫਗਾਨਿਸਤਾਨ ਆਖਰੀ ਮੈਚ ‘ਚ ਆਸਟ੍ਰੇਲੀਆ ਨੂੰ ਹਰਾ ਦਿੰਦਾ ਹੈ ਤਾਂ ਟੀਮ ਸੈਮੀਫਾਈਨਲ ‘ਚ ਪਹੁੰਚ ਜਾਵੇਗੀ।
ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਨੇ ਚੈਂਪੀਅਨਜ਼ ਟਰਾਫੀ ‘ਚ ਇੰਗਲੈਂਡ ਉੱਤੇ ਅੱਠ ਦੌੜਾਂ ਦੀ ਸ਼ਾਨਦਾਰ ਜਿੱਤ ਲਈ ਅਫਗਾਨਿਸਤਾਨ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀ ਜਿੱਤ ਨੂੰ ਹੁਣ ਉਲਟਫੇਰ ਨਹੀਂ ਕਿਹਾ ਜਾ ਸਕਦਾ।
ਤੇਂਦੁਲਕਰ ਨੇ ‘ਐਕਸ’ ‘ਤੇ ਲਿਖਿਆ, ‘ਅੰਤਰਰਾਸ਼ਟਰੀ ਕ੍ਰਿਕਟ ‘ਚ ਅਫਗਾਨਿਸਤਾਨ ਦਾ ਲਗਾਤਾਰ ਵਾਧਾ ਪ੍ਰੇਰਨਾਦਾਇਕ ਰਿਹਾ ਹੈ!’ ਤੁਸੀਂ ਹੁਣ ਉਨ੍ਹਾਂ ਦੀ ਜਿੱਤਾਂ ਨੂੰ ਉਲਟਫੇਰ ਨਹੀਂ ਕਹਿ ਸਕਦੇ, ਅਫਗਾਨਿਸਤਾਨ ਨੇ ਹੁਣ ਇਸਨੂੰ ਆਦਤ ਬਣਾ ਲਈ ਹੈ। ਤੇਂਦੁਲਕਰ ਨੇ ਲਿਖਿਆ, ‘ਇਬਰਾਹਿਮ ਜ਼ਾਦਰਾਨ ਦੇ ਸ਼ਾਨਦਾਰ ਸੈਂਕੜੇ ਅਤੇ ਅਜ਼ਮਤੁੱਲਾ ਉਮਰਜ਼ਈ ਦੇ ਸ਼ਾਨਦਾਰ ਪੰਜ ਵਿਕਟਾਂ ਨੇ ਅਫਗਾਨਿਸਤਾਨ ਲਈ ਇੱਕ ਹੋਰ ਯਾਦਗਾਰ ਜਿੱਤ ਯਕੀਨੀ ਬਣਾਈ।’ ਖੂਬ ਖੇਡਿਆ!’
ਭਾਰਤ ਦੇ ਸਾਬਕਾ ਕੋਚ ਰਵੀ ਸ਼ਾਸਤਰੀ ਨੇ ਇੰਗਲੈਂਡ ਦੀ ਉਪ-ਮਹਾਂਦੀਪੀ ਹਾਲਾਤਾਂ ‘ਚ ਚੰਗਾ ਪ੍ਰਦਰਸ਼ਨ ਕਰਨ ‘ਚ ਅਸਮਰੱਥਾ ਲਈ ਆਲੋਚਨਾ ਕੀਤੀ। ਸ਼ਾਸਤਰੀ ਨੇ ਲਿਖਿਆ, ‘ਅਫਗਾਨਿਸਤਾਨ, ਤੁਸੀਂ ਲੋਕ ਬਹੁਤ ਵਧੀਆ ਕੰਮ ਕਰ ਰਹੇ ਹੋ। ਤੁਸੀਂ ਬਹੁਤ ਵਧੀਆ ਖੇਡਿਆ ਹੈ।
ਸਾਬਕਾ ਭਾਰਤੀ ਕ੍ਰਿਕਟਰ ਅਜੇ ਜਡੇਜਾ, ਜਿਨ੍ਹਾਂ ਨੇ 2023 ਵਿਸ਼ਵ ਕੱਪ ਦੌਰਾਨ ਅਫਗਾਨਿਸਤਾਨ ਨਾਲ ਸਲਾਹਕਾਰ ਵਜੋਂ ਕੰਮ ਕੀਤਾ ਸੀ, ਨੇ ਵੀ ਸੋਸ਼ਲ ਮੀਡੀਆ ‘ਤੇ ਟੀਮ ਨੂੰ ਵਧਾਈ ਦਿੱਤੀ।
ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਨੇ ਉਮੀਦ ਜਤਾਈ ਕਿ ਅਫਗਾਨਿਸਤਾਨ ਦੀ ਟੀਮ ਸੈਮੀਫਾਈਨਲ ਤੋਂ ਅੱਗੇ ਵਧੇਗੀ। ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ ਨੇ ਵੀ ਅਫਗਾਨਿਸਤਾਨ ਦੇ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇੰਗਲੈਂਡ ਦੀ ਟੀਮ ਉਮੀਦ ਅਨੁਸਾਰ ਪ੍ਰਦਰਸ਼ਨ ਕਰਨ ਵਿੱਚ ਅਸਫਲ ਰਹੀ।
Read More: AFG vs ENG: ਅਫਗਾਨਿਸਤਾਨ ਨੇ ਇੰਗਲੈਂਡ ਨੂੰ ਦਿੱਤਾ 326 ਦੌੜਾਂ ਦਾ ਟੀਚਾ, ਇਬਰਾਹਿਮ ਜ਼ਾਦਰਾਨ ਨੇ ਜੜੀਆਂ 177 ਦੌੜਾਂ