ਚੰਡੀਗੜ੍ਹ, 26 ਫਰਵਰੀ 2025: ENG vs AFG: ਚੈਂਪੀਅਨਜ਼ ਟਰਾਫੀ 2025 ਦੇ ਮੈਚ ਵਿੱਚ ਇੰਗਲੈਂਡ ਵਿਰੁੱਧ ਅਫਗਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇੰਗਲੈਂਡ ਦੀ ਟੀਮ ਨੇ ਇਸ ਮੈਚ ਲਈ ਪਲੇਇੰਗ-11 ‘ਚ ਇੱਕ ਬਦਲਾਅ ਕੀਤਾ ਹੈ। ਜ਼ਖਮੀ ਬ੍ਰਾਇਡਨ ਕਾਰਸ ਦੀ ਜਗ੍ਹਾ ਜੈਮੀ ਓਵਰਟਨ ਨੂੰ ਟੀਮ ‘ਚ ਸ਼ਾਮਲ ਕੀਤਾ ਹੈ। ਇਸ ਦੇ ਨਾਲ ਹੀ ਅਫਗਾਨਿਸਤਾਨ ਟੀਮ ਨੇ ਕੋਈ ਬਦਲਾਅ ਨਹੀਂ ਕੀਤਾ ਹੈ।
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਤੋਂ ਬਾਅਦ ਅਫਗਾਨਿਸਤਾਨ ਦੀ ਪਾਰੀ ਸ਼ੁਰੂ ਹੋ ਗਈ ਹੈ। ਰਹਿਮਾਨਉੱਲਾ ਗੁਰਬਾਜ਼ ਇਬਰਾਹਿਮ ਜ਼ਦਰਾਨ ਦੇ ਨਾਲ ਕ੍ਰੀਜ਼ ‘ਤੇ ਹਨ। ਇੰਗਲੈਂਡ ਲਈ ਗੇਂਦਬਾਜ਼ੀ ਦੀ ਸ਼ੁਰੂਆਤ ਕਰਨ ਲਈ ਜੋਫਰਾ ਆਰਚਰ ਆਏ ਹਨ।
ਆਸਟ੍ਰੇਲੀਆ ਖ਼ਿਲਾਫ਼ ਵੱਡਾ ਸਕੋਰ ਬਣਾਉਣ ਦੇ ਬਾਵਜੂਦ ਆਪਣੀ ਹਾਰ ਤੋਂ ਬਾਅਦ ਇੰਗਲੈਂਡ ਨੂੰ ਚੈਂਪੀਅਨਜ਼ ਟਰਾਫੀ ‘ਚ ਆਪਣੀਆਂ ਉਮੀਦਾਂ ਨੂੰ ਜ਼ਿੰਦਾ ਰੱਖਣ ਲਈ ਅਫਗਾਨਿਸਤਾਨ ਦੀ ਸਪਿਨ ਚੁਣੌਤੀ ਤੋਂ ਸਖ਼ਤ ਪ੍ਰੀਖਿਆ ਦਾ ਸਾਹਮਣਾ ਕਰਨਾ ਪਵੇਗਾ। ਇੰਗਲੈਂਡ ਅਤੇ ਅਫਗਾਨਿਸਤਾਨ ਨੂੰ ਆਪਣੇ ਪਹਿਲੇ ਮੈਚਾਂ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਇਸ ਲਈ ਇਹ ਮੈਚ ਦੋਵਾਂ ਟੀਮਾਂ ਲਈ ਕਰੋ ਜਾਂ ਮਰੋ ਦਾ ਵਿਸ਼ਾ ਬਣ ਗਿਆ ਹੈ।
ਜਿੱਥੋਂ ਤੱਕ ਅਫਗਾਨਿਸਤਾਨ ਦਾ ਸਵਾਲ ਹੈ, ਇਸ ਦੀਆਂ ਆਪਣੀਆਂ ਸਮੱਸਿਆਵਾਂ ਹਨ। ਦੱਖਣੀ ਅਫਰੀਕਾ ਖਿਲਾਫ ਪਿਛਲੇ ਮੈਚ ‘ਚ ਇਸਦੇ ਗੇਂਦਬਾਜ਼ਾਂ ਨੇ ਨਿਰਾਸ਼ ਕੀਤਾ ਅਤੇ ਇਸਦੇ ਬੱਲੇਬਾਜ਼ ਵੀ ਅਸਫਲ ਰਹੇ, ਜਿਸ ਕਾਰਨ ਇਸਦੀ ਟੀਮ ਨੂੰ 107 ਦੌੜਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਅਫਗਾਨਿਸਤਾਨ ਟੀਮ ‘ਚ ਲਗਭਗ ਉਹੀ ਖਿਡਾਰੀ ਹਨ ਜੋ ਪਿਛਲੇ ਸਾਲ ਟੀ-20 ਦੇ ਸੈਮੀਫਾਈਨਲ ‘ਚ ਲੈ ਕੇ ਗਏ ਸਨ।
ਸੀਮਤ ਓਵਰਾਂ ਦੀ ਕ੍ਰਿਕਟ ‘ਚ ਇੰਗਲੈਂਡ ਦਾ ਦਬਦਬਾ ਹੁਣ ਬੀਤੇ ਦੀ ਗੱਲ ਹੈ। ਆਸਟ੍ਰੇਲੀਆ ਵਿਰੁੱਧ, ਜੇਕਰ ਇਸਦੇ ਬੱਲੇਬਾਜ਼ਾਂ ਨੇ ਵਧੀਆ ਪ੍ਰਦਰਸ਼ਨ ਕੀਤਾ ਤਾਂ ਇਸਦੇ ਗੇਂਦਬਾਜ਼ਾਂ ਨੇ ਨਿਰਾਸ਼ ਕੀਤਾ ਕਿਉਂਕਿ ਉਹ 350 ਤੋਂ ਵੱਧ ਦੇ ਸਕੋਰ ਦਾ ਬਚਾਅ ਨਹੀਂ ਕਰ ਸਕੇ। ਇਸ ਲਈ, ਅਫਗਾਨਿਸਤਾਨ ਵਿਰੁੱਧ ਜਿੱਤਣ ਲਈ, ਇੰਗਲੈਂਡ ਨੂੰ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਵਾਂ ਵਿਭਾਗਾਂ ‘ਚ ਵਧੀਆ ਪ੍ਰਦਰਸ਼ਨ ਕਰਨਾ ਹੋਵੇਗਾ।
Read More: ENG vs AFG: ਚੈਂਪੀਅਨਜ਼ ਟਰਾਫੀ ‘ਚ ਅੱਜ ਪਹਿਲੀ ਵਾਰ ਇੰਗਲੈਂਡ ਤੇ ਅਫਗਾਨਿਸਤਾਨ ਆਹਮੋ-ਸਾਹਮਣੇ