ਚੰਡੀਗੜ੍ਹ, 01 ਫਰਵਰੀ 2023: ਪਟਿਆਲਾ (Patiala) ਵਿੱਚ ਪੁਲਿਸ ਅਤੇ ਕਥਿਤ ਗੈਂਗਸਟਰ ਵਿਚਾਲੇ ਮੁਕਾਬਲੇ ਦੀ ਖ਼ਬਰ ਸਾਹਮਣੇ ਆ ਰਹੀ ਹੈ, ਪ੍ਰਾਪਤ ਜਾਣਕਾਰੀ ਅਨੁਸਾਰ ਪਵਨ ਨਾਂ ਕਥਿਤ ਗੈਂਗਸਟਰ ਨੇ ਪੁਲਿਸ ‘ਤੇ ਫਾਇਰਿੰਗ ਕਰ ਦਿੱਤੀ, ਜਵਾਬੀ ਫਾਇਰਿੰਗ ਵਿੱਚ ਪਵਨ ਜ਼ਖਮੀ ਹੋ ਗਿਆ, ਜਿਸ ਨੂੰ ਪੁਲਿਸ ਨੇ ਮੌਕੇ ‘ਤੇ ਕਾਬੂ ਕਰ ਲਿਆ, ਜਖਮੀ ਹਾਲਤ ਵਿੱਚ ਪਵਨ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ | ਪਵਨ ਗੈਂਗਸਟਰ ਐੱਸ ਕੇ ਖਰੌੜ ਦਾ ਸਾਥੀ ਦੱਸਿਆ ਜਾ ਰਿਹਾ ਹੈ |
ਪਟਿਆਲਾ (Patiala) ਦੇ ਐੱਸਐੱਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਇਹ ਮੁਕਾਬਲਾ ਅੱਜ ਦੁਪਹਿਰ 12:30 ਵਜੇ ਦੇ ਕਰੀਬ ਪਟਿਆਲਾ-ਸੰਗਰੂਰ ਬਾਈਪਾਸ ‘ਤੇ ਹੋਇਆ ਹੈ | ਪਵਨ ਕੁਮਾਰ ਨਾਮ ਦੇ ਇਸ ਵਿਅਕਤੀ ਖ਼ਿਲਾਫ਼ ਧਾਰਾ 307 ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਹਨ ਅਤੇ ਉਹ ਦੂਜੇ ਸੂਬਿਆਂ ਤੋਂ ਅਸਲਾ ਲਿਆਉਂਦਾ ਸੀ। ਮੁਲਜ਼ਮ ਕੋਲੋਂ ਇੱਕ ਬ੍ਰਿਜਾ ਗੱਡੀ ਅਤੇ ਦੋ 32 ਬੋਰ ਪਿਸਤੌਲ ਅਤੇ 12 ਕਾਰਤੂਸ ਵੀ ਬਰਾਮਦ ਕੀਤੇ ਗਏ ਹਨ।