ਮੋਹਾਲੀ

ਮੋਹਾਲੀ ‘ਚ ਪੁਲਿਸ ਤੇ ਬਦਮਾਸ਼ ਵਿਚਾਲੇ ਮੁਕਾਬਲਾ, ਜ਼ਖਮੀ ਹਾਲਤ ‘ਚ ਮੁਲਜ਼ਮ ਗ੍ਰਿਫਤਾਰ

ਮੋਹਾਲੀ, 21 ਜੁਲਾਈ 2025: ਮੋਹਾਲੀ ਜ਼ਿਲ੍ਹੇ ‘ਚ ਚਪੜਚਿੜੀ ਨੇੜੇ ਪੁਲਿਸ ਅਤੇ ਬਦਮਾਸ਼ ਵਿਚਾਲੇ ਪੁਲਿਸ ਮੁਕਾਬਲਾ ਹੋਇਆ, ਜਿਸ ‘ਚ ਲਗਭਗ ਪੰਜ ਰਾਉਂਡ ਫਾਇਰਿੰਗ ਦੀ ਖ਼ਬਰ ਹੈ। ਇਸ ਕਾਰਵਾਈ ‘ਚ ਪੁਲਿਸ ਨੇ ਗੁਰਪ੍ਰੀਤ ਸਿੰਘ ਉਰਫ਼ ਗੋਪੀ, ਜੋ ਕਿ ਮੰਡੀ ਗੋਬਿੰਦਗੜ੍ਹ, ਫਤਿਹਗੜ੍ਹ ਸਾਹਿਬ ਦਾ ਰਹਿਣ ਵਾਲਾ ਹੈ, ਉਸੁ ਨੂੰ ਜ਼ਖਮੀ ਹਾਲਤ ‘ਚ ਗ੍ਰਿਫ਼ਤਾਰ ਕੀਤਾ ਹੈ।

ਇਸ ਸੰਬੰਧੀ ਐਸਪੀ (ਡੀ) ਸੌਰਭ ਜਿੰਦਲ ਨੇ ਦੱਸਿਆ ਕਿ 10 ਜੁਲਾਈ ਨੂੰ ਮੋਹਾਲੀ ਦੇ ਐਰੋਸਿਟੀ ਖੇਤਰ ‘ਚ ਇੱਕ ਪ੍ਰਾਪਰਟੀ ਡੀਲਰ ਨੂੰ ਫਿਰੌਤੀ ਦਾ ਕਾਲ ਆਇਆ ਸੀ ਅਤੇ ਉਸਦੇ ਦਫਤਰ ਦੇ ਬਾਹਰ ਗੋਲੀਬਾਰੀ ਵੀ ਕੀਤੀ ਗਈ ਸੀ। ਮਾਮਲੇ ਦੀ ਜਾਂਚ ਲਈ ਐਸਐਸਪੀ ਮੋਹਾਲੀ ਦੇ ਨਿਰਦੇਸ਼ਾਂ ‘ਤੇ ਸੀਆਈਏ ਸਮੇਤ ਕਈ ਟੀਮਾਂ ਬਣਾਈਆਂ ਗਈਆਂ ਸਨ।

ਜਾਂਚ ਦੌਰਾਨ ਪੁਲਿਸ ਨੇ ਕੱਲ੍ਹ ਬੀਕੇਆਈ ਦੇ ਤਿੰਨ ਕਾਰਕੁਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁੱਛਗਿੱਛ ਦੌਰਾਨ ਇਨ੍ਹਾਂ ਤਿੰਨਾਂ ਨੇ ਗੁਰਪ੍ਰੀਤ ਗੋਪੀ ਦਾ ਨਾਮ ਦੱਸਿਆ। ਇਸ ਕੜੀ ‘ਚ ਜਦੋਂ ਪੁਲਿਸ ਅੱਜ ਗੁਰਪ੍ਰੀਤ ਨੂੰ ਗ੍ਰਿਫ਼ਤਾਰ ਕਰਨ ਪਹੁੰਚੀ, ਤਾਂ ਉਹ ਮੋਟਰਸਾਈਕਲ ‘ਤੇ ਸਵਾਰ ਸੀ ਅਤੇ ਪੁਲਿਸ ‘ਤੇ ਗੋਲੀਬਾਰੀ ਕਰ ਦਿੱਤੀ।

ਪੁਲਿਸ ਮੁਤਾਬਕ ਜਵਾਬੀ ਕਾਰਵਾਈ ‘ਚ ਪੁਲਿਸ ਨੇ ਗੋਲੀ ਚਲਾਈ, ਜਿਸ ‘ਚ ਉਸਦੀ ਲੱਤ ‘ਚ ਗੋਲੀ ਲੱਗੀ। ਇਸ ਤੋਂ ਬਾਅਦ, ਉਹ ਮੋਟਰਸਾਈਕਲ ਤੋਂ ਡਿੱਗ ਪਿਆ ਅਤੇ ਪੁਲਿਸ ਨੇ ਉਸਨੂੰ ਮੌਕੇ ‘ਤੇ ਹੀ ਫੜ ਲਿਆ। ਮੁਲਜਮ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਹੁਣ ਤੱਕ ਇਸ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

ਪੁਲਿਸ ਮੁਤਾਬਕ ਗੁਰਪ੍ਰੀਤ ਸਿੰਘ ਗੋਪੀ ਵਿਰੁੱਧ ਪਹਿਲਾਂ ਹੀ ਚਾਰ ਅਪਰਾਧਿਕ ਮਾਮਲੇ ਦਰਜ ਹਨ, ਜਿਨ੍ਹਾਂ ‘ਚ ਜਬਰਦਸਤੀ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਸ਼ਾਮਲ ਹਨ। ਉਹ ਪਹਿਲਾਂ ਵੀ ਜੇਲ੍ਹ ਦੀ ਸਜ਼ਾ ਕੱਟ ਚੁੱਕਾ ਹੈ। ਪੁਲਿਸ ਦਾ ਕਹਿਣਾ ਹੈ ਕਿ ਪੁੱਛਗਿੱਛ ਦੌਰਾਨ ਹੋਰ ਵੀ ਮਹੱਤਵਪੂਰਨ ਖੁਲਾਸੇ ਹੋ ਸਕਦੇ ਹਨ।

Read More: ਫਿਰੋਜ਼ਪੁਰ ਫਾਇਰਿੰਗ ਮਾਮਲੇ ‘ਚ ਪੁਲਿਸ ਦਾ ਬਦਮਾਸ਼ਾਂ ਨਾਲ ਮੁਕਾਬਲਾ, 3 ਬਦਮਾਸ਼ ਜ਼ਖਮੀ

Scroll to Top