ਜਲੰਧਰ, 22 ਅਕਤੂਬਰ 2025: Jalandhar News: ਬੁੱਧਵਾਰ ਨੂੰ ਪੰਜਾਬ ਦੇ ਜਲੰਧਰ ‘ਚ ਜੱਗੂ ਭਗਵਾਨਪੁਰੀਆ ਗੈਂਗ ਦੇ ਸ਼ੂਟਰਾਂ ਅਤੇ ਪੁਲਿਸ ਵਿਚਾਲੇ ਮੁਕਾਬਲਾ ਹੋਇਆ, ਜਿਸ ‘ਚ ਤਿੰਨ ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਮੁਤਾਬਕ ਸ਼ੂਟਰਾਂ ‘ਚੋਂ ਇੱਕ ਨੂੰ ਪੇਟ ‘ਚ ਗੋਲੀ ਲੱਗੀ ਅਤੇ ਉਸਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।
ਜ਼ਖਮੀ ਮੁਲਜ਼ਮ ਮਨਕਰਨ ਨੂੰ ਅੰਮ੍ਰਿਤਸਰ ਧਰਮ ਕਤਲ ਕਾਂਡ ‘ਚ ਸ਼ੂਟਰਾਂ ਦਾ ਸਾਥੀ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਮੌਕੇ ਤੋਂ ਗੈਰ-ਕਾਨੂੰਨੀ ਹਥਿਆਰ ਬਰਾਮਦ ਕੀਤੇ ਅਤੇ ਮਨਕਰਨ ਦੇ ਦੋ ਸਾਥੀਆਂ ਨੂੰ ਹਿਰਾਸਤ ‘ਚ ਲੈ ਲਿਆ।
ਪੁਲਿਸ ਅਧਿਕਾਰੀਆਂ ਦੇ ਮੁਤਾਬਕ ਸਲੇਮਪੁਰ ਮਸੰਦਾ ਖੇਤਰ ‘ਚ ਮਨਕਰਨ ਦੇ ਟਿਕਾਣੇ ਦਾ ਪਤਾ ਲੱਗਣ ਤੋਂ ਬਾਅਦ, ਪੁਲਿਸ ਨੇ ਉਸਨੂੰ ਘੇਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਗੋਲੀਬਾਰੀ ਕਰ ਦਿੱਤੀ, ਜਿਸ ਨਾਲ ਪੁਲਿਸ ਨੂੰ ਕਾਰਵਾਈ ਕਰਨੀ ਪਈ।
ਸੀਪੀ ਧਨਪ੍ਰੀਤ ਕੌਰ ਨੇ ਦੱਸਿਆ ਕਿ ਸਵੇਰੇ ਤੜਕੇ ਰਾਮਾ ਮੰਡੀ ਖੇਤਰ ‘ਚ ਕੁਝ ਗੈਂਗਸਟਰਾਂ ਨੇ ਗੋਲੀਬਾਰੀ ਕੀਤੀ, ਜਿਸ ਨਾਲ ਪੁਲਿਸ ਨੂੰ ਕਾਰਵਾਈ ਕਰਨ ਅਤੇ ਉਨ੍ਹਾਂ ਦਾ ਪਤਾ ਲਗਾਉਣ ਲਈ ਮਜਬੂਰ ਹੋਣਾ ਪਿਆ। ਘੇਰਾਬੰਦੀ ਦੌਰਾਨ, ਤਿੰਨ ਮੁਲਜ਼ਮ – ਮਨਕਰਨ ਸਿੰਘ, ਸਿਮਰਨਜੀਤ ਸਿੰਘ ਅਤੇ ਜੈਵੀਰ ਸਿੰਘ, ਜੋ ਕਿ ਇੱਕ ਬਾਈਕ ‘ਤੇ ਸਨ, ਉਨ੍ਹਾਂ ਨੇ ਪੁਲਿਸ ‘ਤੇ ਗੋਲੀਬਾਰੀ ਕੀਤੀ।
ਪੁਲਿਸ ਦੀ ਜਵਾਬੀ ਕਾਰਵਾਈ ‘ਚ ਮਨਕਰਨ ਜ਼ਖਮੀ ਹੋ ਗਿਆ। ਉਹ ਅੰਮ੍ਰਿਤਸਰ ‘ਚ ਧਰਮਜੀਤ ਉਰਫ ਧਰਮ ਕਤਲ ਕੇਸ ‘ਚ ਲੋੜੀਂਦਾ ਸੀ ਅਤੇ ਉਸਦੇ ਖਿਲਾਫ ਕਈ ਮਾਮਲੇ ਦਰਜ ਹਨ। ਮਨਕਰਨ ਦੇ ਬਦਨਾਮ ਗੈਂਗਸਟਰ ਜੱਗੂ ਭਗਵਾਨਪੁਰੀਆ ਅਤੇ ਅੰਮ੍ਰਿਤ ਦਾਲਮ ਨਾਲ ਵੀ ਸਬੰਧ ਹਨ।
ਧਰਮਜੀਤ ਸਿੰਘ ਉਰਫ਼ ਧਰਮ ਦਾ ਕਤਲ 26 ਸਤੰਬਰ ਨੂੰ ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ‘ਚ ਹੋਇਆ ਸੀ। ਪੁਲਿਸ ਨੇ ਇਸ ਮਾਮਲੇ ‘ਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਧਰਮ ਉਹੀ ਮੁਲਜ਼ਮ ਹੈ ਜਿਸਨੂੰ 2012 ‘ਚ ਏਐਸਆਈ ਰਵਿੰਦਰਪਾਲ ਦੇ ਕਤਲ ‘ਚ ਦੋਸ਼ੀ ਠਹਿਰਾਇਆ ਗਿਆ ਸੀ।
Read More: ਸੁਲਤਾਨਪੁਰ ਲੋਧੀ ਕਸਬੇ ‘ਚ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, ਇੱਕ ਮੁਲਜ਼ਮ ਕਾਬੂ