ਚੰਡੀਗੜ੍ਹ, 01ਜੂਨ 2023: ਬੀਤੇ ਦਿਨੀਂ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਵਿੱਚ ਪੈਟਰੋਲ ਪੰਪ (Petrol Pump) ਦੇ ਕਰਿੰਦਿਆਂ ਕੋਲੋਂ ਹੋਈ 40 ਲੱਖ ਦੀ ਲੁੱਟ ਦੇ ਮਾਮਲੇ ਵਿਚ ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਕਥਿਤ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਇਆ ਹੈ, ਜਿਸ ਵਿੱਚ AGTF ਵੱਲੋਂ 2 ਕਥਿਤ ਗੈਂਗਸਟਰ ਕਾਬੂ ਕੀਤੇ ਗਏ ਹਨ । ਪ੍ਰਾਪਤ ਜਾਣਕਾਰੀ ਅਨੁਸਾਰ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਅਗਵਾਈ ਐਸਪੀ ਵਰਿੰਦਰ ਸਿੰਘ ਬਰਾੜ ਵੱਲੋਂ ਕੀਤੀ। ਇਹ ਮੁਕਾਬਲਾ ਖਰੜ ਦੇ ਇੱਕ ਪਿੰਡ ਕੋਲ ਹੋਇਆ ਹੈ |
ਪ੍ਰਾਪਤ ਜਾਣਕਾਰੀ ਮੁਤਾਬਕ ਕਥਿਤ ਗੈਂਗਸਟਰ ਆਈ-20 ਕਾਰ ਵਿਚ ਸਵਾਰ ਹੋ ਕੇ ਭੱਜ ਰਹੇ ਸਨ, ਜਿਨ੍ਹਾਂ ਪਿੱਛੇ ਪੁਲਿਸ ਪੈ ਗਈ। ਪੁਲਿਸ ਨੂੰ ਵੇਖ ਕੇ ਇਨ੍ਹਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਜਵਾਬੀ ਕਾਰਵਾਈ ਵਿਚ ਦੋਵੇਂ ਕਥਿਤ ਗੈਂਗਸਟਰ ਜ਼ਖਮੀ ਹੋ ਗਏ ਹਨ। ਫਿਲਹਾਲ ਦੋਵੇਂ ਜਣੇ ਸਰਕਾਰੀ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਜ਼ਖ਼ਮੀਆਂ ‘ਚੋਂ ਗੁਰਪ੍ਰੀਤ ਸਿੰਘ ਤੇ ਦੂਜਾ ਹਰਪ੍ਰੀਤ ਸਿੰਘ ਜੋ ਕਿ ਜ਼ਿਲ੍ਹਾ ਤਰਨ ਤਾਰਨ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।
ਜਿਕਰਯੋਗ ਹੈ ਕਿ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚੋਂ ਲੰਘਦੀ ਨੈਸ਼ਨਲ ਹਾਈਵੇ ‘ਤੇ ਪੈਂਦੇ ਪਿੰਡ ਭੱਟ ਮਾਜਰਾ ਵਿਖੇ ਪੈਟਰੋਲ ਪੰਪ (Petrol Pump) ਦੇ ਮੁਲਾਜ਼ਮਾਂ ਤੋਂ ਨਕਾਬਪੋਸ਼ ਲੁਟੇਰੇ ਕਰੀਬ 40 ਲੱਖ ਰੁਪਏ ਲੁੱਟ ਕੇ ਫ਼ਰਾਰ ਹੋ ਗਏ ਸਨ। ਇਹ ਘਟਨਾ ਉਸ ਸਮੇਂ ਵਾਪਰੀ, ਜਦੋਂ ਪੈਟਰੋਲ ਪੰਪ ਦੇ ਮੁਲਾਜ਼ਮ ਪੈਟਰੋਲ ਪੰਪ ਦਾ ਕਰੀਬ 4 ਦਿਨਾਂ ਦਾ ਇੱਕਠਾ ਕੈਸ਼ ਬੈਂਕ ਵਿੱਚ ਜਮ੍ਹਾਂ ਕਰਵਾਉਣ ਲਈ ਸਰਹਿੰਦ ਸਥਿਤ ਐਸਬੀਆਈ ਬੈਂਕ ਦੀ ਬ੍ਰਾਂਚ ਜਾ ਰਹੇ ਸੀ। ਇਸ ਘਟਨਾ ਤੋਂ ਬਾਅਦ ਪੁਲਿਸ ਦੋਸ਼ੀਆਂ ਦੀ ਭਾਲ ਕਰ ਰਹੀ ਸੀ।